ਚੰਡੀਗੜ੍ਹ, 8 ਜਨਵਰੀ – ਚੋਣ ਕਮਿਸ਼ਨ ਵੱਲੋਂ ਵਿਗਿਆਨ ਭਵਨ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਪੰਜਾਬ ਸਮੇਤ 5 ਰਾਜਾਂ ਵਿਚ ਕੋਵਿਡ ਸੇਫ ਵਿਧਾਨ ਸਭਾ ਚੋਣਾਂ ਹੋਣਗੀਆਂ ਤੇ ਚੋਣਾਂ ਕੋਵਿਡ ਪ੍ਰੋਟੋਕਾਲ ਤਹਿਤ ਹੋਣਗੀਆਂ। 5 ਰਾਜਾਂ ‘ਚ 18 ਕਰੋੜ ਤੋਂ ਵੱਧ ਵੋਟਰ ਅਤੇ 2 ਲੱਖ 15 ਹਜ਼ਾਰ ਪੋਲਿੰਗ ਸਟੇਸ਼ਨ ਹਨ।ਉਨ੍ਹਾਂ ਕਿਹਾ ਕਿ ਦਾਗੀ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਰਾਜਨੀਤਿਕ ਪਾਰਟੀਆਂ ਨੂੰ ਆਪਣੀ ਵੈੱਬਸਾਈਟ ‘ਤੇ ਪੂਰੀ ਜਾਣਕਾਰੀ ਦੇਣੀ ਪਵੇਗੀ, ਇੱਕ ਉਮੀਦਵਾਰ ਨੂੰ 40 ਲੱਖ ਖਰਚਣ ਦੀ ਇਜਾਜ਼ਤ ਹੋਵੇਗੀ। ਚੋਣ ਕਮਿਸ਼ਨ ਵੱਲੋਂ ਨਾਜਾਇਜ਼ ਪੈਸੇ, ਸ਼ਰਾਬ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਜਿਸ ਲਈ ਸੁਰੱਖਿਆ ਏਜੰਸੀਆ ਨੂੰ ਅਲਰਟ ਕਰ ਦਿੱਤਾ ਗਿਆ ਹੈ।ਇਸ ਵਾਰ ਵੋਟਿੰਗ ਦਾ ਸਮਾਂ ਇੱਕ ਘੰਟਾ ਵਧਾਇਆ ਗਿਆ ਹੈ।15 ਜਨਵਰੀ ਤੱਕ ਕੋਈ ਰੈਲੀ ਅਤੇ ਰੋਡ ਸ਼ੋਅ ਨਹੀਂ ਹੋਵੇਗਾ, ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਕੈਂਪੇਨ ਕਰਫਿਊ ਹੋਵੇਗਾ ਜਦਕਿ 5 ਲੋਕਾਂ ਨਾਲ ਡੋਰ ਟੂ ਡੋਰ ਦੀ ਇਜਾਜ਼ਤ ਹੈ।ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਡਿਜ਼ੀਟਲ ਪ੍ਰਚਾਰ ਦੀ ਸਲਾਹ ਦਿੱਤੀ।ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ‘ਚ ਇੱਕੋ ਗੇੜ ‘ਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਵੇਗੀ ਤੇ ਨਤੀਜੇ 10 ਮਾਰਚ ਨੂੰ ਆਉਣਗੇ।ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 21 ਜਨਵਰੀ ਤੋਂ 28 ਜਨਵਰੀ ਤੱਕ ਹੋਣਗੀਆਂ। ਉਨ੍ਹਾਂ ਕਿਹਾ ਕਿ 15 ਜਨਵਰੀ ਤੋਂ ਬਾਅਦ ਦੁਬਾਰਾ ਸਮੀਖਿਆ ਕੀਤੀ ਜਾਵੇਗੀ।