ਚੋਣ ਜਾਬਤੇ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਨਹੀਂ ਹੋਵੇਗੀ ਬਰਦਾਸ਼ਤ – ਡੀ.ਸੀ ਕਮ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ

ਜਲੰਧਰ, 9 ਜਨਵਰੀ – ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ-2022 ਦੀ ਸਮਾਂ ਸਾਰਣੀ ਦਾ ਐਲਾਨ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਅੱਜ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਆਦਰਸ਼ ਚੋਣ ਜਾਬਤਾ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਇਸ ਵਿਚ ਕਿਸੇ ਕਿਸਮ ਦੀ ਢਿੱਲ-ਮੱਠ ਅਤੇ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ, ਵਿਭਾਗ ਦੀਆਂ ਵੈਬਸਾਈਟਾਂ ਅਤੇ ਵੈਬ ਪੇਜਾਂ ਆਦਿ ਤੋਂ ਸਿਆਸੀ ਆਗੂਆਂ ਦੀਆਂ ਤਸਵੀਰਾਂ ਅਤੇ ਪੋਸਟਰ ਆਦਿ ਤੁਰੰਤ ਲਾਹੁਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ, ਬਿਲਡਿੰਗਾਂ ਅਤੇ ਕੰਪਲੈਕਸਾਂ ਵਿਚੋਂ ਵੀ ਸਿਆਸੀ ਪੋਸਟਰ, ਹੋਰਡਿੰਗ, ਬੈਨਰ ਆਦਿ ਤੁਰੰਤ ਉਤਾਰੇ ਜਾਣ। ਇਸੇ ਤਰ੍ਹਾਂ ਉਨ੍ਹਾਂ ਨੇ ਨਗਰ ਨਿਗਮ ਜਲੰਧਰ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦੇ ਦਫ਼ਤਰ ਅਤੇ ਹੋਰਨਾਂ ਸਬੰਧਤ ਅਦਾਰਿਆਂ ਨੂੰ ਵੀ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਬਿਲਡਿੰਗਾਂ ਤੋਂ ਸਿਆਸੀ ਇਸ਼ਤਿਹਾਰ 48 ਘੰਟਿਆਂ ਵਿਚ ਅਤੇ ਨਿੱਜੀ ਪ੍ਰਾਪਰਟੀਆਂ ਤੋਂ ਇਹ ਇਸ਼ਤਿਹਾਰ 72 ਘੰਟਿਆਂ ਵਿਚ-ਵਿਚ ਉਤਾਰੇ ਜਾਣ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ. ਕਰੁਣਾ ਰਾਜੂ ਵੱਲੋਂ ਕੀਤੀ ਵਰਚੂਅਲ ਮੀਟਿੰਗ ਦੌਰਾਨ ਦੱਸਿਆ ਕਿ ਜਲੰਧਰ ਜ਼ਿਲੇ ਵਿਚ 9 ਵਿਧਾਨ ਸਭਾ ਹਲਕਿਆਂ ਵਿਚ 16,50,867 ਵੋਟਰ ਅਤੇ 1974 ਪੋਲਿੰਗ ਸਟੇਸ਼ਨ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੋੜੀਂਦੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਖਰਚੇ ਅਤੇ ਕਾਨੂੰਨ ਤੇ ਵਿਵਸਥਾ ਦੀ ਨਿਗ੍ਹਾਸਾਨੀ ਲਈ ਵਿਧਾਨ ਸਭਾ ਹਲਕਾ ਪੱਧਰ ਤੋਂ ਜ਼ਿਲ੍ਹਾ ਪੱਧਰ ਤੱਕ ਵੱਖ-ਵੱਖ ਟੀਮਾਂ ਦੀ ਗਠਨ ਕੀਤਾ ਗਿਆ ਹੈ ਤਾਂ ਜੋ ਚੋਣਾਂ ਸਬੰਧੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਆਰ.ਓ. ਲੈਵਲ ‘ਤੇ ਵੱਖ-ਵੱਖ ਖਰਚਾ ਟੀਮਾਂ, ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਆਦਿ ਨੂੰ ਤੀਜੇ ਰਾਊਂਡ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਨਾਜਾਇਜ਼ ਸ਼ਰਾਬ ਤੇ ਕਾਰੋਬਾਰ ਅਤੇ ਤਸਕਰੀ ਨੂੰ ਰੋਕਣ ਲਈ ਪੁਲਿਸ ਤੇ ਆਬਕਾਰੀ ਵਿਭਾਗ ਨੂੰ ਆਪਣੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਵੀ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *