ਫਗਵਾੜਾ, 14 ਜਨਵਰੀ (ਰਮਨਦੀਪ) – ਸੂਬੇ ਵਿੱਚ ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਵੱਡੇ ਚਿਹਰੇ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਅੱਜ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਕੈਬਨਿਟ ਰੈਂਕ) ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦਾ ਕਾਂਗਰਸ ਨਾਲ 50 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਹੈ। ਸ੍ਰੀਮਤੀ ਸੋਨੀਆ ਗਾਂਧੀ ਨੂੰ ਲਿਖੇ ਭਾਵੁਕ ਪੱਤਰ ਵਿੱਚ ਫਗਵਾੜਾ ਤੋਂ ਤਿੰਨ ਵਾਰ ਵਿਧਾਇਕ, ਸਵ. ਬੇਅੰਤ ਸਿੰਘ, ਸਵ. ਐਚ.ਐਸ. ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਮੰਤਰੀ ਰਹਿ ਚੁੱਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ, “ਮੇਰਾ ਸੁਪਨਾ ਸੀ ਕਿ ਜਦੋਂ ਮੈਂ ਮਰਾਂਗਾ ਤਾਂ ਟਕਸਾਲੀ ਕਾਂਗਰਸੀ ਹੋਣ ਕਾਰਨ ਮੇਰਾ ਸਰੀਰ ਕਾਂਗਰਸੀ ਝੰਡੇ ਵਿੱਚ ਲਪੇਟਿਆ ਜਾਵੇਗਾ, ਪਰ ਕਾਂਗਰਸ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਦੀ ਸਰਪ੍ਰਸਤੀ ਨਾਲ ਮੇਰੀ ਜ਼ਮੀਰ ਮੈਨੂੰ ਇਸ ਪਾਰਟੀ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਹੋਰਾਂ ਵਰਗੇ ਮਹਾਰਾਜੇ, ਜਾਗੀਰਦਾਰ, ਪੈਸੇ ਵਾਲੇ ਅਤੇ ਮੌਕਾਪ੍ਰਸਤ ਆਗੂ ਨਿੱਜੀ ਹਿੱਤਾਂ ਲਈ ਪਾਰਟੀ ਵਿੱਚ ਆਏ ਸਨ, ਜਿਸ ਕਾਰਨ ਪਾਰਟੀ ਆਪਣੀਆਂ ਮੂਲ ਕਦਰਾਂ-ਕੀਮਤਾਂ ਤੋਂ ਦੂਰ ਹੋ ਗਈ ਹੈ ਅਤੇ ਸਿਰਫ਼ ਚੋਣਾਂ ਲੜਨ ਵੱਲ ਤੇ ਰਾਜ ਸ਼ਕਤੀ ਪ੍ਰਾਪਤ ਕਰਨ ਵੱਲ ਹੀ ਧਿਆਨ ਕੇਂਦਰਿਤ ਰਹਿ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਰਾਤਾਂ ਬੇਚੈਨੀ ਨਾਲ ਲੰਘ ਰਹੀਆਂ ਹਨ, ਆਪਣਾ ਅੰਦਰ ਲਾਹਨਤਾਂ ਪਾ ਰਿਹਾ ਹੈ ਕਿ ਮੈਂ ਉਨ੍ਹਾਂ ਲੱਖਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿਨ੍ਹਾਂ ਦਾ ਕਰੀਅਰ ਰਸੂਖਵਾਨਾਂ ਵੱਲੋਂ ਸਕਾਲਰਸ਼ਿੱਪ ਦੇ ਪੈਸੇ ਹੜੱਪਣ ਕਾਰਨ ਬਰਬਾਦ ਹੋ ਗਿਆ ਹੈ, ਦੇ ਹਿੱਤਾਂ ਤੇ ਪਹਿਰਾ ਦੇਣ ਚ ਨਾਕਾਮ ਰਿਹਾ ਹਾਂ। ਮੈਨੂੰ ਇਹ ਜਾਪ ਰਿਹਾ ਹੈ ਕਿ ਅਜਿਹੇ ਲੋਕ ਸੱਤਾਧਾਰੀਆਂ ਦੀ ਗੋਦ ਚ ਬੈਠ ਕੇ ਇਨ੍ਹਾਂ ਗਰੀਬ ਵਿਦਿਆਰਥੀਆਂ ਦੀ ਹੋਣੀ ਤੇ ਹੱਸ ਰਹੇ ਹਨ ਤੇ ਕਾਂਗਰਸ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ, ਉਨ੍ਹਾਂ ਨੂੰ ਪਨਾਹ ਦੇ ਰਹੀ ਹੈ ਅਤੇ ਕੈਬਨਿਟ ਦਾ ਤਾਜ਼ਾ ਫੈਸਲਾ ਇਸ ਵੱਲ ਪੁਸ਼ਤ ਪਨਾਹੀ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ, “ਕਿ ਇਹ ਉਹੀ ਪਾਰਟੀ ਨਹੀਂ ਹੈ ਜਿਸ ਦੀ ਆਗੂ ਮਰਹੂਮ ਸ੍ਰੀਮਤੀ ਇੰਦਰਾ ਗਾਂਧੀ ਬੇਲਚੀ (ਬਿਹਾਰ) ਵਿੱਚ ਮਾਰੇ ਗਏ ਐਸ ਸੀ ਭਾਈਚਾਰੇ ਦੇ ਮੈਂਬਰਾਂ ਦੀ ਮੌਤ ਦੇ ਸੋਗ ਲਈ, ਕੋਈ ਹੋਰ ਵਾਹਨ ਉਪਲਬਧ ਨਾ ਹੋਣ ਕਾਰਨ, ਹਾਥੀ ਉੱਤੇ ਸਵਾਰ ਹੋ ਕੇ, ਹਾਅ ਦਾ ਨਾਅਰਾ ਮਾਰਨ ਗਏ ਸਨ, ਪਰ ਅੱਜ ਕਾਂਗਰਸ ਦੇ ਨੇਤਾਵਾਂ ਦੇ ਹੱਥ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਅਰਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ, ਜਿਨ੍ਹਾਂ ਦਾ ਕਰੀਅਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਕਾਰਨ ਬਰਬਾਦ ਹੋ ਗਿਆ ਹੈ।ਫ਼ਗਵਾੜਾ ਨੂੰ ਆਪਣੀ ਹੀ ਸਰਕਾਰ ਵਿਚ ਜ਼ਿਲ੍ਹਾ ਨਾ ਬਣਵਾ ਸਕਣ ਦਾ ਆਪਣੇ ਪਾਰਟੀ ਛੱਡਣ ਦਾ ਇਕ ਹੋਰ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਫਗਵਾੜਾ ਦੇ ਵਸਨੀਕਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ‘ਤੇ ਆਪਣੇ ਪ੍ਰਸ਼ਾਸਨਿਕ ਕੰਮ ਕਰਵਾਉਣ ਲਈ ਕਰੀਬ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਪੂਰਥਲਾ ਜਾਣਾ ਪੈਂਦਾ ਹੈ, ਇਸ ਲਈ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੱਕ ਦੇ ਤਰਲੇ ਕੱਢ ਕੱਢ ਥੱਕ ਗਏ ਹਨ ਪਰ ਇਸ ਵੱਲ ਕੋਈ ਧਿਆਨ ਦੇਣ ਦੀ ਬਜਾਏ, ਉਨ੍ਹਾਂ ਨੇ ਫਗਵਾੜਾ ਵਾਸੀਆਂ ਦੀ ਇਸ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਕੇ ਲੋਕਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਪਾਰਟੀ ਅਤੇ ਇਸ ਦੇ ਆਗੂ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ ਤਾਂ ਮੇਰੇ ਕੋਲ ਇਸ ਪਾਰਟੀ ਵਿੱਚ ਰਹਿਣ ਦਾ ਵੀ ਕੋਈ ਤਰਕ ਨਹੀਂ ਹੈ। ਮਾਨ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਵਾਲਮੀਕਿ/ਮਜ਼੍ਹਬੀ ਸਿੱਖ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਅਤੇ ਪਾਰਟੀ ਨੇ ਹਮੇਸ਼ਾਂ ਹੀ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਬਣਦੀ ਨੁਮਾਇੰਦਗੀ ਦੇਣ ਦੀ ਪ੍ਰਵਾਹ ਕੀਤੇ ਬਿਨਾਂ, ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਸਰਕਾਰ ਹੈ ਜਿਸ ਵਿੱਚ ਕੋਈ ਵੀ ਵਾਲਮੀਕਿ/ਮਜ਼੍ਹਬੀ ਸਿੱਖ ਮੰਤਰੀ ਨਹੀਂ ਸੀ, ਬਾਵਜੂਦ ਇਸ ਤੱਥ ਦੇ ਕਿ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਵੀ ਦੋ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇੱਕ ਪਦ ਖਾਲੀ ਸੀ। ਪਰ ਪਾਰਟੀ ਨੇ ਇਸ ਭਾਈਚਾਰੇ ਪ੍ਰਤੀਨਿਧਤਾ ਦੇਣ ਦੀ ਬਜਾਏ ਭਾਈਚਾਰੇ ਦੇ ਲੱਖਾਂ ਭਰਾਵਾਂ ਦਾ ਬਹੁਤ ਵੱਡਾ ਅਪਮਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਇਸ ਬਰਾਦਰੀ ਤੋਂ ਕਾਂਗਰਸ ਦੇ ਆਖਰੀ ਰਾਜ ਸਭਾ ਮੈਂਬਰ 1990 ਦੇ ਦਹਾਕੇ ਵਿੱਚ ਸਨ ਅਤੇ ਪਾਰਟੀ ਵੱਲੋਂ ਭਾਈਚਾਰੇ ਨੂੰ ਆਖਰੀ ਵਾਰ ਲੋਕ ਸਭਾ ਟਿਕਟ 2004 ਵਿੱਚ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮਹਾਰਾਜਿਆਂ, ਜਾਗੀਰਦਾਰਾਂ, ਪੈਸੇ ਵਾਲੇ, ਮੌਕਾਪ੍ਰਸਤਾਂ ਅਤੇ ਹੋਰਾਂ ਦੇ ਦਬਦਬੇ ਦੇ ਨਾਲ-ਨਾਲ, ਇਨ੍ਹਾਂ ਕਾਰਨਾਂ ਨੇ ਹੁਣ ਉਨ੍ਹਾਂ ਨੂੰ ਉਸ ਪਾਰਟੀ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ, ਜਿਸ ਦੀ ਉਨ੍ਹਾਂ ਨੇ ਪਿਛਲੇ 50 ਸਾਲਾਂ ਦੌਰਾਨ ਖੂਨ -ਪਸੀਨੇ ਅਤੇ ਮਿਹਨਤ ਨਿਰਸਵਾਰਥ ਭਾਵ ਨਾਲ ਸੇਵਾ ਕੀਤੀ ਸੀ। ਉਨ੍ਹਾਂ ਕਿਹਾ ਕਿ ਕਦੇ ਉਹ ਵੀ ਹਾਲਾਤ ਸਨ ਜਦੋਂ ਪੰਜਾਬ ਵਿੱਚ ਕਾਂਗਰਸ ਦਾ ਕੋਈ ਨਾਮ ਲੈਣ ਨੂੰ ਤਿਆਰ ਨਹੀਂ ਸੀ ਪਰ ਉਨ੍ਹਾਂ ਉਸ ਕਾਲੇ ਸਮੇਂ ਦੌਰਾਨ ਵੀ ਆਪਣੇ ਪਰਿਵਾਰ ਦੇ ਅੱਠ ਮੈਂਬਰ ਗੁਆ ਦਿੱਤੇ ਸਨ ਪਰ ਪਾਰਟੀ ਪ੍ਰਤੀ ਵਫਾਦਾਰੀ ਨਹੀਂ ਸੀ ਛੱਡੀ। ਉਨ੍ਹਾਂ ਕਿਹਾ ਕਿ ਮੈਂ ਪੰਜ ਦਹਾਕਿਆਂ ਤੱਕ ਪਾਰਟੀ ਦਾ ਵਫ਼ਾਦਾਰ ਸਿਪਾਹੀ ਰਿਹਾ ਪਰ ਜ਼ਾਹਰ ਹੈ ਕਿ ਹੁਣ ਪਾਰਟੀ ਨੂੰ ਸਾਡੀ ਲੋੜ ਨਹੀਂ ਰਹੀ, ਇਸ ਲਈ ਸਾਡੀ ਵਫ਼ਾਦਾਰੀ ਨੂੰ ਸਾਡੀ ਕਮਜ਼ੋਰੀ ਮੰਨਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ ਕਿਉਂਕਿ ਉਹ ਫਗਵਾੜਾ ਵਾਸੀਆਂ ਅਤੇ ਖਾਸ ਤੌਰ ‘ਤੇ ਕਾਂਗਰਸ ਤੋਂ ਬਿਨਾਂ ਵੀ ਕਮਜ਼ੋਰ ਅਤੇ ਪਛੜੇ ਵਰਗਾਂ ਲਈ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਨ।