ਪਾਂਸ਼ਟਾ, 19 ਜਨਵਰੀ (ਰਜਿੰਦਰ) ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਭਗਵੰਤ ਮਾਨ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ।ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੇ ਤਹਿਤ ਫਗਵਾੜਾ ਨੇੜਲੇ ਪਿੰਡ ਨਰੂੜ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਜਸਵਾਲ ਦੀ ਅਗਵਾਈ ਵਿਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ।ਕੁਲਵੰਤ ਸਿੰਘ ਜਸਵਾਲ ਨੇ ਕਿਹਾ ਕਿ ਪੰਜਾਬ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਲਈ ਲੋਕਾਂ ਦੀ ਰਾਇ ਮੰਗੀ ਗਈ ਸੀ ਤੇ 22 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਰਾਇ ਦਿੱਤੀ ਸੀ ਜਿਨ੍ਹਾਂ ਵਿਚ 93% ਲੋਕਾਂ ਨੇ ਆਪਣੀ ਰਾਇ ਭਗਵੰਤ ਮਾਨ ਦੇ ਹੱਕ ਵਿਚ ਦਿੱਤੀ ਸੀ। ਉਨ੍ਹਾਂ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆ ਵਿਸ਼ਵਾਸ਼ ਦਿਵਾਇਆ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਡੋਰ ਟੂ ਡੋਰ ਜਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਕੀਤਾ ਜਾਵੇਗਾ ਤੇ 2022 ਵਿਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ।