ਫਗਵਾੜਾ ‘ਚ ਦੇਰ ਰਾਤ ਥਾਣਾ ਸਿਟੀ ਦੇ ਬਾਹਰ ਧਰਨਾ ਲਗਾਉਣ ਵਾਲਿਆਂ ਖਿਲਾਫ ਮਾਮਲਾ ਦਰਜ

ਫਗਵਾੜਾ, 23 ਜਨਵਰੀ (ਰਮਨਦੀਪ) ਫਗਵਾੜਾ ਕਾਂਗਰਸ ਵਿੱਚ ਚੱਲ ਰਿਹਾ ਕਲੇਸ਼ ਇਸ ਸਮੇ ਪੂਰੇ ਊਫਾਨ ‘ਤੇ ਚੱਲ ਰਿਹਾ ਹੈ।ਪਿਛਲੇ ਕੁਝ ਦਿਨਾਂ ਤੋ ਜਿਥੇ ਕਿ ਕਾਂਗਰਸ ਦੇ ਵੱਖ ਵੱਖ ਧੜਿਆਂ ਵਲੋ ਮੀਟਿੰਗਾਂ ਕਰ ਇਕ ਦੂਸਰੇ ਉਪਰ ਨਿਸ਼ਾਨੇ ਸਾਧੇ ਜਾ ਰਹੇ ਹਨ ਉਥੇ ਹੀ ਬੀਤੇ ਕੱਲ ਮਹਿਲਾਂ ਕਾਂਗਰਸ ਵਲੋ ਸੋਸ਼ਲ ਮੀਡਿਆ ‘ਤੇ ਗਲਤ ਮੈਸੇਜ ਭੇਜਣ ਨੂੰ ਲੈ ਕੇ ਜਿਲਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਅਤੇ ਉਸਦੇ ਸਾਥੀ ਉਪਰ ਮਾਮਲਾ ਦਰਜ ਕਰਵਾਉਣ ਲਈ ਥਾਣਾ ਸਿਟੀ ਦੇ ਬਾਹਰ ਦੇਰ ਰਾਤ ਤੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਤੋ ਬਾਅਦ ਫਗਵਾੜਾ ਪੁਲਿਸ ਵਲੋ ਦਲਜੀਤ ਰਾਜੂ ਅਤੇ ਉਸਦੇ ਸਾਥੀ ਮਨਜੋਤ ਸਿੰਘ ਖਿਲਾਫ ਵੱਖ ਵੱਖ ਧਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।ਮਾਮਲਾ ਦਰਜ ਹੋਣ ਤੋ ਬਾਅਦ ਦਲਜੀਤ ਰਾਜੂ ਅਤੇ ਮਨਜੋਤ ਸਿੰਘ ਆਪਣੇ ਸਾਥੀਆਂ ਸਮੇਤ ਐਸ.ਪੀ ਫਗਵਾੜਾ ਨੂੰ ਮਿਲੇ ਤੇ ਮੰਗ ਪੱਤਰ ਦੇ ਕੇ ਸਾਰੇ ਮਾਮਲੇ ਦੀ ਪ੍ਰਤੱਖ ਜਾਂਚ ਦੀ ਮੰਗ ਕੀਤੀ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਦਲਜੀਤ ਰਾਜੂ ਨੇ ਕਿਹਾ ਕਿ ਇਹ ਪਰਚਾ ਉਨਾਂ ਉਪਰ ਰਾਜਸੀ ਰੰਜਸ਼ ਦੇ ਚੱਲਦਿਆ ਕੀਤਾ ਗਿਆ ਹੈ ਜਦਕਿ ਉਹਨਾਂ ਨੂੰ ਇਸ ਸਾਰੇ ਮਾਮਲੇ ਦਾ ਹੀ ਨਹੀ ਪਤਾ।ਐਫ.ਆਰ.ਆਈ ਦਰਜ ਕਰਵਾ ਕੇ ਫਗਵਾੜਾ ਕਾਂਗਰਸ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ।ਰਾਜੂ ਨੇ ਕਿਹਾ ਕਿ ਉਹ ਨਾ ਕਦੇ ਦੱਬੇ ਹਨ ਤੇ ਨਾ ਕਦੇ ਦਬਣਗੇ ਅਤੇ ਇਹ ਭਾਜੀ 21 ਦੀ 31 ਕਰਕੇ ਮੋੜਨਗੇ।ਦਲਜੀਤ ਰਾਜੂ ਨੂੰ ਇਹਨਾਂ ਨੇ ਜ਼ਖਮੀ ਕੀਤਾ ਹੈ ਤੇ ਜ਼ਖਮੀ ਸ਼ੇਰ ਬਹੁਤ ਖਤਰਨਾਕ ਹੁੰਦਾ ਹੈ।ਦਲਜੀਤ ਰਾਜੂ ਨੇ ਕਿਹਾ ਕਿ ਉਹਨਾਂ ਵਲੋ ਫਗਵਾੜਾ ਵਿਖੇ ਉਮੀਦਵਾਰ ਬਦਲਣ ਦੀ ਮੰਗ ਕੀਤੀ ਗਈ ਸੀ ਜਿਸਦੇ ਚੱਲਦਿਆ ਇਹ ਸਭ ਕੁਝ ਹੋ ਰਿਹਾ ਹੈ ਪਰ ਉਹ ਅਜੇ ਵੀ ਅਪਣੀ ਮੰਗ ‘ਤੇ ਖੜੇ ਹਨ।ਨਰੇਸ਼ ਭਾਰਦਵਾਜ ਬਾਰੇ ਪੁਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਰਾਜੂ ਨੇ ਕਿਹਾ ਕਿ ਕੌਣ ਨਰੇਸ਼ ਭਾਰਦਵਾਜ ਉਹ ਕਿਸੇ ਨਰੇਸ਼ ਭਾਰਦਵਾਜ ਨੂੰ ਨਹੀ ਜਾਣਦੇ।ਓਧਰ ਦਲਜੀਤ ਰਾਜੂ ਨਾਲ ਪਹੁੰਚੇ ਮਨਜੋਤ ਸਿੰਘ ਨਾਲ ਜਦੋ ਪਰਚਾ ਦਰਜ ਹੋਣ ਬਾਰੇ ਪੁੱਛੀਆ ਤਾਂ ਉਹਨਾਂ ਸਿੱਧੇ ਤੌਰ ‘ਤੇ ਕਿਹਾ ਕਿ ਉਨ੍ਹਾਂ ਉੱਪਰ ਇਹ ਪਰਚਾ ਹਲਕਾ ਵਿਧਾਇਕ ਦੇ ਇਸ਼ਾਰਿਆ ਤੇ ਹੋਇਆ ਹੈ।ਸੋਸ਼ਲ ਮੀਡਿਆ ‘ਤੇ ਪਾਏ ਮੈਸੇਜ ਬਾਰੇ ਪੁਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਉਹ ਨੰਬਰ ਉਹਨਾਂ ਦਾ ਹੈ ਹੀ ਨਹੀ। ਸਤਬੀਰ ਸਿੰਘ ਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਅਜੇ ਵੀ ਮੰਗ ਹੈ ਕਿ ਫਗਵਾੜਾ ਦੀ ਟਿਕਟ ਤੋਂ ਕਾਂਗਰਸ ਦਾ ਉਮੀਦਵਾਰ ਬਦਲਿਆ ਜਾਵੇ। ਜੇ ਉਮੀਦਵਾਰ ਨਾ ਬਦਲਿਆ ਗਿਆ ਤਾਂ ਉਨ੍ਹਾਂ ਦਾ ਗਰੁੱਪ ਜੋ ਵੀ ਫੈਸਲਾ ਲਵੇਗਾ ਉਸ ਦੇ ਨਾਲ ਚੱਲਣਗੇ।ਉਹ ਕਾਂਗਰਸੀ ਹਨ ਤੇ ਕਾਂਗਰਸੀ ਰਹਿਣਗੇ।ਓਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋ ਐਸ.ਪੀ ਫਗਵਾੜਾ ਐਚ.ਪੀ.ਅੇਸ ਪਰਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜੋ ਵਫਦ ਉਨਾਂ ਨੂੰ ਮਿਲਿਆ ਜਿਸ ਵਿੱਚ ਦਲਜੀਤ ਰਾਜੂ ਵਲੋ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਗਿਆ ਹੈ ਕਿ ਉਹ ਇਸ ਮਾਮਲੇ ਵਿਚ ਸ਼ਾਮਿਲ ਨਹੀ ਹੈ।ਜਿਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।ਰਾਜਸੀ ਦਬਾਅ ਹੇਠ ਪਰਚਾ ਕਰਨ ਦੇ ਪੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਐਸ.ਪੀ ਸਾਹਿਬ ਨੇ ਕਿਹਾ ਕਿ ਪੁਲਿਸ ਕਿਸੇ ਦੇ ਦਬਾਅ ਵਿਚ ਕੰਮ ਨਹੀ ਕਰਦੀ।ਬੀਤੀ ਰਾਤ ਲਗਾਏ ਗਏ ਧਰਨੇ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਧਰਨਾਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਵੱਲੋਂ ਇੱਕ ਮਹਿਲਾ ਅਤੇ 3 ਕਾਂਗਰਸੀ ਆਗੂਆਂ ਖਿਲਾਫ ਬਾਈਨੇਮ ਅਤੇ 25 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *