ਚੰਡੀਗੜ੍ਹ, 26 ਜਨਵਰੀ – ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਡਰੱਗ ਮਾਮਲੇ ‘ਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਉੱਪਰ 3 ਦਿਨ ਦੀ ਰੋਕ ਲਗਾਏ ਜਾਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਪ੍ਰੈੱਸ ਵਾਰਤਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਤੰਤਰ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ।ਸੁਖਪਾਲ ਖਹਿਰਾ ‘ਤੇ ਜਦੋਂ ਕੇਸ ਹੋਇਆ ਤਾਂ ਰੇਡ ਕਿਉਂ ਨਹੀਂ ਹੋਈ?ਸਿਮਰਜੀਤ ਸਿੰਘ ਬੈਂਸ ਉੱਪਰ ਵੀ ਰੇਪ ਦਾ ਪਰਚਾ ਹੈ, ਪਰ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ। ਮੂਸੇਵਾਲਾ ‘ਤੇ ਵੀ ਪਰਚਾ ਹੈ, ਪਰ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ।ਫਿਰ ਮਜੀਠੀਆ ਲਈ ਵੱਖਰਾ ਕਾਨੂੰਨ ਕਿਉਂ?ਉਨ੍ਹਾਂ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ ਉੱਪਰ ਗੰਭੀਰ ਦੋਸ਼ ਲਗਾਉਂਦਿਆ ਕਿਹਾ ਕਿ ਭਗੌੜੇ ਨਾਲ ਮਿਲ ਕੇ ਡੀ.ਜੀ.ਪੀ ਚਟੋਪਾਧਿਆਏ ਨੇ ਮੇਰੇ ਖਿਲਾਫ ਸਾਜ਼ਿਸ਼ ਰਚੀ ਹੈ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਪੂਰੀ ਸਾਜ਼ਿਸ਼ ‘ਚ ਸ਼ਾਮਿਲ ਹਨ।ਚਟੋਪਾਧਿਆਏ ਦੇ ਨਿਰਦੇਸ਼ਾਂ ‘ਤੇ ਮੇਰੇ ਉੱਪਰ ਪਰਚਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਤੇ ਡੀ.ਜੀ.ਪੀ ਚਟੋਪਾਧਿਆਏ ਦੇ ਫੋਨ ਰਿਕਾਰਡ ਅਤੇ ਸੀ.ਸੀ.ਟੀ.ਵੀ ਫੁਟੇਜ ਸੀਜ਼ ਹੋਵੇ।