ਫਗਵਾੜਾ, 27 ਜਨਵਰੀ – ਪਿਛਲੇ ਕਾਫੀ ਅਰਸੇ ਤੋਂ ਜੇਲ੍ਹਾ ਵਿੱਚ ਕੈਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੂਹ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਹ ਰੋਸ ਪ੍ਰਦਰਸ਼ਨ ਨਵੀ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਸ਼ੁਰੂ ਹੋ ਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਅਰਬਨ ਅਸਟੇਟ ਵਿਖੇ ਪਹੁੰਚਿਆ।ਰੋਸ ਪ੍ਰਦਰਸ਼ਨ ਦੌਰਾਨ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀ ਘਟਨਾਂ ਨਾ ਵਾਪਰੇ ਇਸ ਲਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।ਸਮੂਹ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਗਾਇਆ ਇੱਕ ਨਾਕਾ ਤੋੜ ਦਿੱਤਾ ਤੇ ਦੂਸਰੇ ਨਾਕੇ ‘ਤੇ ਪੁਲਿਸ ਨੇ ਉਨਾਂ ਨੂੰ ਰੋਕ ਲਿਆ ਜਿਸ ਕਾਰਨ ਧਰਨਾਕਾਰੀ ਰਾਸਤੇ ਵਿੱਚ ਹੀ ਬੈਠ ਗਏ। ਇਸ ਰੋਸ ਪ੍ਰਦਰਸ਼ਨ ਦੋਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਆਗੂਆਂ ਨੇ ਜਿੱਥੇ ਬੰਦੀ ਸਿੰਘਾ ਦੀ ਰਿਹਾਈ ਲਈ ਤਰਾਂ ਤਰਾਂ ਦੇ ਪੋਸਟਰ ਤੇ ਬੈਨਰ ਫੜੇ ਹੋਏ ਸਨ ਉਥੇ ਹੀ ਉਨਾਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਧਰਨਾਕਾਰੀਆ ਨੇ ਕਿਹਾ ਕਿ ਜੋ ਸਿੰਘ ਪਿਛਲੇ ਕਈ ਅਰਸੇ ਤੋਂ ਸਜ਼ਾਵਾ ਪੂਰੀਆ ਕਰ ਚੁੱਕੇ ਹਨ ਉਨਾਂ ਨੂੰ ਰਿਹਾਅ ਨਹੀ ਜਾ ਰਿਹਾ। ਜਿਸ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ। ਉਨਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਉਕਤ ਬੰਦੀ ਸਿੰਘਾ ਨੂੰ ਜਲਦ ਤੋਂ ਜਲਦ ਰਿਹਾਅ ਨਾ ਕੀਤਾ ਉਹ ਆਪਣਾ ਸੰਘਰਸ਼ ਇਸੇ ਤਰਾਂ ਹੀ ਜਾਰੀ ਰੱਖਣਗੇ।ਇਸ ਦੌਰਾਨ ਆਗੂਆਂ ਦਾ ਇੱਕ ਵਫਦ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮੰਗ ਪੱਤਰ ਦੇਣ ਲਈ ਉਨਾਂ ਦੇ ਗ੍ਰਹਿ ਵਿਖੇ ਗਿਆ ਸੀ ਪਰ ਉਥੇ ਸੋਮ ਪ੍ਰਕਾਸ਼ ਨਾਲ ਉਨਾਂ ਦੀ ਮੁਲਾਕਾਤ ਨਹੀ ਹੋ ਸਕੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਚਾਚੋਕੀ ਵਿਖੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ।