ਫਗਵਾੜਾ – ਪੰਜਾਬ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਕਿੱਟੂ ਗਰੇਵਾਲ ਭਾਜਪਾ ‘ਚ ਸ਼ਾਮਿਲ

ਫਗਵਾੜਾ, 7 ਫਰਵਰੀ (ਰਮਨਦੀਪ) – ਪੰਜਾਬ ਅੰਦਰ 20 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆ ਹਨ ਤੇ ਇਨਾਂ ਚੋਣਾਂ ਨੂੰ ਲੈ ਕੇ ਫਗਵਾੜਾ ਤੋਂ ਭਾਜਪਾ ਵੱਲੋਂ ਸਾਬਕਾ ਰਾਸ਼ਟਰੀ ਐੱਸ.ਸੀ/ਐੱਸ.ਟੀ ਦੇ ਕਮਿਸ਼ਨ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੇ ਵਿਜੇ ਸਾਂਪਲਾ ਦੀ ਚੋਣ ਹਲਚਲ ਇਸ ਸਮੇਂ ਜ਼ੋਰਾਂ ਤੇ ਹੈ। ਇਸ ਸਬੰਧੀ ਵਿਜੇ ਸਾਂਪਲਾ ਵੱਲੋਂ ਅਰਬਨ ਅਸਟੇਟ ਵਿਖੇ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿੱਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਨ ਚੁੱਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਵਿਜੇ ਸਾਂਪਲਾ ਨੇ ਕਿਹਾ ਕਿ ਉਨਾਂ ਦੀ ਰਿਹਾਇਸ਼ ਨੂੰ ਲੈ ਕੇ ਜੋ ਫਗਵਾੜਾ ਵਾਸੀਆਂ ਦੇ ਦਿਲਾਂ ਵਿੱਚ ਸ਼ੰਕਾ ਸੀ ਉਸ ਨੂੰ ਦੂਰ ਕਰਦਿਆ ਕਿਹਾ ਕਿ ਹੁਣ ਉਨਾਂ ਨੇ ਆਪਣੀ ਰਿਹਾਇਸ਼ ਫਗਵਾੜਾ ਦੇ ਅਰਬਨ ਅਸਟੇਟ ਵਿਖੇ ਰੱਖ ਲਈ ਹੈ ਤੇ ਹੁਣ ਉਹ ਫਗਵਾੜਾ ਦੇ ਬਣ ਕੇ ਫਗਵਾੜਾ ਵਿੱਚ ਰਹਿਣਗੇ। ਉਨਾਂ ਸਮੂਹ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।ਇਸ ਦੌਰਾਨ ਫਗਵਾੜਾ ਤੋਂ ਭਾਜਪਾ ਨੂੰ ਉਸ ਸਮੇਂ ਸਿਆਸੀ ਬੱਲ ਮਿਲਿਆ ਜਦੋਂ ਮਹਿਲਾ ਕਾਂਗਰਸ ਪੰਜਾਬ ਦੀ ਸਾਬਕਾ ਪ੍ਰਧਾਨ ਕਿੱਟੂ ਗਰੇਵਾਲ ਅਤੇ ਸੀਨੀਅਰ ਕਾਂਗਰਸੀ ਨੇਤਾ ਰਾਮ ਸਾਂਪਲਾ ਕਾਂਗਰਸ ਪਾਰਟੀਆਂ ਦੀ ਨਿਤੀਆਂ ਤੋਂ ਦੁਖੀ ਹੋ ਕੇ ਵਿਜੇ ਸਾਂਪਲਾ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ। ਜਿਨਾਂ ਦਾ ਭਾਜਪਾ ਦੇ ਸੀਨੀਅਰ ਨੇਤਾਵਾ ਨੇ ਪਾਰਟੀ ਦੇ ਸਿਰੋਪੇ ਪਾ ਕੇ ਪਾਰਟੀ ਵਿੱਚ ਜੀ ਆਇਆ ਨੂੰ ਕਿਹਾ।ਕਿੱਟੂ ਗਰੇਵਾਲ ਨੇ ਕਿਹਾ ਕਿ ਉਹ 27 ਸਾਲ ਕਾਂਗਰਸ ਵਿਚ ਰਹੇ ਹਨ। ਕਾਂਗਰਸ ਨੇ ਵੱਖ ਵੱਖ ਮਹਿਲਾ ਸੰਗਠਨ ਬਣਾਏ ਹਨ ਤੇ ਮਹਿਲਾਵਾਂ ਲਈ ਕਈ ਐਲਾਨ ਕੀਤੇ ਹਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਮਹਿਲਾਵਾਂ ਨੂੰ 33% ਹੱਕ ਦੇਣ ਦੀ ਗੱਲ ਕਹੀ ਜਾਂਦੀ ਹੈ ਤੇ ਉਹ ਹੱਕ ਦੇਣੇ ਕਦੋਂ ਹਨ। ਕਾਂਗਰਸ ਨੇ ਕਦੇ ਵੀ ਮਹਿਲਾਵਾਂ ਨੂੰ 33% ਹੱਕ ਨਹੀਂ ਦਿੱਤੇ ਤੇ ਇਸ ਵਾਰ ਵਿਧਾਨ ਸਭਾ ਚੋਣਾਂ ‘ਚ ਟਿਕਟਾਂ ਦੀ ਵੰਡ ਸਮੇਂ ਵੀ ਮਹਿਲਾਵਾਂ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ। ਇਸੇ ਗੱਲ ਕਰਕੇ ਉਹ ਭਾਜਪਾ ਵਿਚ ਸ਼ਾਮਿਲ ਹੋਏ ਹਨ ਕਿਉਕਿ ਭਾਜਪਾ ਵਿਚ ਮਹਿਲਾਵਾਂ ਦੀ ਕਦਰ ਹੈ ਤੇ ਮਹਿਲਾਵਾਂ ਨੂੰ ਬਣਦੇ ਹੱਕ ਦਿੱਤੇ ਜਾਂਦੇ ਹਨ।

Leave a Reply

Your email address will not be published. Required fields are marked *