ਫਗਵਾੜਾ, 8 ਫਰਵਰੀ (ਰਮਨਦੀਪ) – ਫਗਵਾੜਾ ਪੁਲਿਸ ਨੇ ਬੀਤੇ ਦਿਨੀ ਹੋਈ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਲੁਟੇਰਿਆ ਵਿੱਚੋਂ ਤਿੰਨ ਲੁਟੇਰਿਆ ਨੂੰ ਲੁੱਟੇ ਹੋਏ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਲੁਟੇਰਿਆ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ। ਥਾਣਾ ਸਤਨਾਮਪੁਰਾ ਵਿਖੇ ਹੋਈ ਪੱਤਰਕਾਰ ਵਾਰਤਾ ਦੌਰਾਨ ਐੱਸ.ਪੀ ਫਗਵਾੜਾ ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਹਰਵਿੰਦਰ ਸੰਧੂ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਾਕੜ ਕਲਾਂ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਜਦੋਂ ਆਪਣੀ ਪਤਨੀ ਅਤੇ ਭੂਆ ਨਾਲ ਮਹੇੜੂ ਤੋਂ ਵਾਇਆ ਫਰਾਲਾ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਉਸ ਦੀ ਭੂਆ ਦੇ ਖੂਹ ‘ਤੇ ਸਥਿਤ ਧਾਰਮਿਕ ਸਥਾਨ ਵਿਖੇ ਉਹ ਮੱਥਾ ਟੇਕਣ ਲਈ ਰੁਕੇ ਸਨ।ਇਸ ਦੋਰਾਨ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਤੇਜਧਾਰ ਹਥਿਆਰਾਂ ਅਤੇ ਪਿਸਤੋਲ ਨੁਮਾ ਚੀਜ ਦਿਖਾ ਕੇ ਉਸ ਕੋਲੋ ਅਤੇ ਉਸ ਦੀ ਪਤਨੀ ਕੋਲੋ ਕਰੀਬ 52 ਤੋਲੇ ਸੋਨੇ ਦੇ ਗਹਿਣੇ ਅਤੇ ਲਗਭਗ ਇੱਕ ਲੱਖ ਰੁਪਏ ਦੀ ਨਗਦੀ ਸਮੇਤ ਇੱਕ ਕੀਮਤੀ ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ ਸਨ। ਉਨਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਸਤਨਾਮਪੁਰਾ ਦੇ ਐੱਸ.ਐੱਚ.ਓ ਹਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਇਸ ਲੁੱਟ ਖੋਹ ਵਿੱਚ ਸ਼ਾਮਿਲ ਇਕ ਮਹਿਲਾ ਪ੍ਰਦੀਪ ਕੋਰ ਉਰਫ ਅਮਨ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਪੁੱਛ ਗਿੱਛ ਦੌਰਾਨ ਪੁਲਿਸ ਨੇ ਕੁਲਜੀਤ ਸਿੰਘ ਪੁੱਤਰ ਖੁਸ਼ਹਾਲ ਸਿੰਘ ਵਾਸੀ ਬਿਲਗਾ ਨੂੰ ਕਾਬੂ ਕੀਤਾ ਤੇ ਉਸ ਵੱਲੋਂ ਦੱਸੇ ਗਏ ਬਾਕੀ ਦੋਸ਼ੀਆਂ ਵਿੱਚੋਂ ਸੁਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ, ਸ਼ਿੰਦਰਪਾਲ ਸਿੰਘ ਦੋਵੇਂ ਵਾਸੀ ਬਿਲਗਾ ਨੂੰ ਗ੍ਰਿਫਤਾਰ ਕੀਤਾ ਜਦ ਕਿ ਮਨਪ੍ਰੀਤ ਸਿੰਘ ਅਤੇ ਮਨੀ ਦੋਵੇਂ ਵਾਸੀ ਨੂਰਮਹਿਲ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਉਨਾਂ ਕਿਹਾ ਕਿ ਪੁਲਿਸ ਨੇ ਇਨਾਂ ਤਿੰਨਾਂ ਦੋਸ਼ੀਆਂ ਪਾਸੋਂ ਲੁੱਟਿਆ ਹੋਇਆ ਸਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦ ਕਿ ਬਾਕੀ ਦੇ ਦੋ ਲੁਟੇਰਿਆ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।