ਕੋਲਕਾਤਾ, 18 ਫਰਵਰੀ – ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵਿਚਕਾਰ ਦੂਸਰਾ ਟੀ-20 ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾਵੇਗਾ। 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਭਾਰਤ 1-0 ਨਾਲ ਅੱਗੇ ਹੈ ਤੇ ਅੱਜ ਦਾ ਮੈਚ ਜਿੱਤ ਕੇ ਭਾਰਤ ਦੀਆਂ ਨਜ਼ਰਾਂ ਇੱਕ ਦਿਨਾਂ ਲੜੀ ਤੋਂ ਬਾਅਦ ਟੀ-20 ਲੜੀ ਵੀ ਜਿੱਤਣ ‘ਤੇ ਹੋਣਗੀਆਂ।ਭਾਰਤੀ ਸਮੇਂ ਅਨੁਸਾਰ ਇਹ ਮੈਚ ਰਾਤ 7 ਵਜੇ ਸ਼ੁਰੂ ਹੋਵੇਗਾ।ਇਹ ਮੈਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਲਈ ਬੇਹੱਦ ਖਾਸ ਹੋਵੇਗਾ। ਦਰਅਸਲ 3 ਖਿਡਾਰੀਆਂ ਵਿਚਕਾਰ ਟੀ-20 ਇੰਟਰਨੈਸ਼ਨਲ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਰੇਸ ਚੱਲ ਰਹੀ ਹੈ ਤੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਇਸ ਰੇਸ ‘ਚ ਸ਼ਾਮਿਲ ਹਨ। ਫਿਲਹਾਲ ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ 112 ਟੀ-20 ਮੈਚਾਂ ਵਿਚ 3299 ਦੌੜਾਂ ਬਣਾ ਕੇ ਟਾਪ ‘ਤੇ ਹਨ। ਇਸ ਤੋਂ ਬਾਅਦ ਵਿਰਾਟ ਕੋਹਲੀ ਦਾ ਨੰਬਰ ਹੈ, ਜਿਨ੍ਹਾਂ ਨੇ 96 ਮੈਚਾਂ ‘ਚ 3244 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਤੀਸਰੇ ਨੰਬਰ ‘ਤੇ ਰੋਹਿਤ ਸ਼ਰਮਾ ਹਨ, ਜਿਨ੍ਹਾਂ ਨੇ 120 ਮੈਚਾਂ ਵਿਚ 3237 ਦੌੜਾਂ ਬਣਾਈਆਂ ਹਨ।