ਗੁਰਾਇਆਂ, 14 ਮਈ (ਕੌਸ਼ਲ) – ਜਲੰਧਰ ਦੇਹਾਤ ਪੁਲਿਸ ਅਧੀਨ ਆਉਂਦੇ ਥਾਣਾ ਗੁਰਾਇਆਂ ਦੀ ਪੁਲਿਸ ਨੇ ਖੁਦ ਨੂੰ ਵੀ.ਆਈ.ਪੀ ਦੱਸ ਕੇ ਪੁਲਿਸ ਸਿਕਿਓਰਿਟੀ ਮੰਗਣ ਵਾਲੇ 8ਵੀਂ ਫੇਲ੍ਹ ਨਟਵਰਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਗਜਰਾਜ ਗੁੱਜਰ ਵਜੋ ਹੋਈ ਹੈ।ਐੱਸ.ਐੱਚ.ਓ ਥਾਣਾ ਗੁਰਾਇਆ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਗਜਰਾਜ ਗੁੱਜਰ ਖੁਦ ਨੂੰ ਯੁਵਾ ਮੰਚ ਹਿੰਦੂ ਪਰਿਸ਼ਦ ਦਾ ਰਾਸ਼ਟਰੀ ਪ੍ਰਧਾਨ ਅਤੇ ਭਾਰਤ ਸਰਕਾਰ ਦੀ ਰਾਸ਼ਨ ਵੰਡ ਅਤੇ ਸਲਾਹਕਾਰ ਸਮਿਤੀ ਦਾ ਸਾਬਕਾ ਮੈਂਬਰ ਦੱਸ ਕੇ ਗੁਰਾਇਆਂ ਦੇ ਇੱਕ ਹੋਟਲ ਵਿਚ ਰੁਕਿਆ ਹੋਇਆ ਸੀ।ਜਿਸ ਨੇ ਪੁਲਿਸ ਸਿਕਿਓਰਿਟੀ ਮੰਗੀ ਸੀ।ਸ਼ੱਕ ਪੈਣ ‘ਤੇ ਪੁਲਿਸ ਨੇ ਪੁੱਛਗਿਛ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਤੇ ਸਾਰਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਗਜਰਾਜ ਗੁੱਜਰ ਦੀ ਥਾਣੇ ਵਿਚ ਸਿਹਤ ਖਰਾਬ ਹੋ ਗਈ, ਜਿਸ ਨੂੰ ਪੁਲਿਸ ਸਿਕਿਓਰਿਟੀ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ।