ਫਗਵਾੜਾ, 12 ਮਾਰਚ (ਮਨੀਸ਼ ਕੌਸ਼ਲ) – ਫਗਵਾੜਾ ਅਤੇ ਆਸ ਪਾਸ ਦੇ ਇਲਾਕੇ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਆਏ ਦਿਨ ਵਧਦੀਆਂ ਜਾ ਰਹੀਆ ਹਨ ਜਿਸ ਨਾਲ ਜਿੱਥੇ ਲੋਕ ਖਾਸੇ ਪ੍ਰੇਸ਼ਾਨ ਹਨ ਉਥੇ ਹੀ ਫਗਵਾੜਾ ਪੁਲਿਸ ਵੀ ਇਲਾਕੇ ਦੀ ਸੁਰੱਖਿਆ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ। ਲੁੱਟ ਦੀ ਇੱਕ ਹੋਰ ਵੱਡੀ ਵਾਰਦਾਤ ਸਾਹਮਣੇ ਆਈ ਹੈ ਇੱਥੋ ਦੇ ਨਜ਼ਦੀਕੀ ਪਿੰਡ ਖਜੂਰਲਾ ਵਿਖੇ ਜਿੱਥੇ ਕਿ ਬੇਖੌਫ ਲੁਟੇਰਿਆ ਨੇ ਇੱਕ ਬੈਂਕ ਦੇ ਏ.ਟੀ.ਐੱਮ ਨੂੰ ਨਿਸ਼ਾਨਾ ਬਣਾਉਦੇ ਹੋਏ ਲੱਖਾਂ ਰੁਪਏ ਦੀ ਨਗਦੀ ‘ਤੇ ਹੱਥ ਸਾਫ ਕਰਕੇ ਆਪਣੇ ਇਰਾਦੇ ਹੋਰ ਵੀ ਮਜਬੂਤ ਕਰ ਦਿੱਤੇ ਹਨ। ਲੁਟੇਰਿਆ ਵੱਲੋਂ ਦਿੱਤੀ ਗਈ ਇਸ ਵੱਡੀ ਵਾਰਦਾਤ ਦੀ ਇੱਕ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਜਿਸ ਵਿੱਚ ਲੁਟੇਰੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸਾਫ ਸਾਫ ਦਿਖਾਈ ਦੇ ਰਹੇ ਹਨ।ਇਸ ਸਬੰਧੀ ਗੱਲਬਾਤ ਕਰਦਿਆ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਲੁਟੇਰਿਆਂ ਨੇ ਪਿੰਡ ਖਜੂਰਲਾ ਵਿਖੇ ਸਥਿਤ SBI ਦੇ ATM ਨੂੰ ਤੜਕਸਾਰ 3 ਵਜੇ ਦੇ ਕਰੀਬ ਨਿਸ਼ਾਨਾ ਬਣਾਇਆ। ਸੀ.ਸੀ.ਟੀ.ਵੀ ਫੁਟੇਜ ਮੁਤਾਬਿਕ ਲੁਟੇਰੇ Brezza ਗੱਡੀ ਵਿੱਚ ਆਏ ਸਨ ਜਿਨਾਂ ਨੇ ਗੈਸ ਕਟਰ ਨਾਲ ਏ.ਟੀ.ਐੱਮ ਨੂੰ ਤੋੜਿਆ ਤੇ ਏ.ਟੀ.ਐੱਮ ਵਿੱਚੋਂ 23 ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਉਨਾਂ ਕਿਹਾ ਕਿ ਇਸ ਵਾਰਦਾਤ ਤੋਂ ਬਾਅਦ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਲੁਟੇਰਿਆ ਵੱਲੋ SBI ਦੇ ATM ਨੂੰ ਲੁੱਟਣ ਦੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ‘ਤੇ ਸਾਰੀ ਘਟਨਾਂ ਦੀ ਜਾਣਕਾਰੀ ਹਾਸਲ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਗਿਆ ਹੈ ਤੇ ਪੁਲਿਸ ਨੂੰ ਏ.ਟੀ.ਐੱਮ ਅੰਦਰ ਲੱਗੇ ਸੀ.ਸੀ.ਟੀ.ਵੀ ਦੀ ਫੂਟੇਜ ਵੀ ਮਿਲੀ ਹੈ ਜਿਸ ਦੇ ਅਧਾਰ ‘ਤੇ ਪੁਲਿਸ ਵੱਲੋ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪੁਲਿਸ ਵੱਲੋਂ ਲੁਟੇਰੇ ਜਲਦ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।