ਡੈਸਕ : 5 ਸੂਬਿਆਂ ’ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂੁ ਸਮੇਤ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਣੀਪੁਰ ਦੇ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨਾਂ ਤੋਂ ਅਸਤੀਫ਼ਾ ਮੰਗਿਆ ਹੈ।
ਇਸ ਨੂੰ ਲੈ ਕੇ ਕਾਂਗਰਸੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ ਤੇ ਲਿਖਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਣੀਪੁਰ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਨੂੰ ਪ੍ਰਦੇਸ਼ ਕਾਂਗਰਸ ਦੇ ਪੁਨਰਗਠਨ ਕਾਰਨ ਆਪਣੇ ਅਸਤੀਫ਼ੇ ਦੇਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਪੰਜ ਸੂਬਿਆਂ ਦੀਆਂ ਚੋਣਾਂ ਦੇ ਆਏ ਨਤੀਜਿਆਂ ਵਿਚ ਕਾਂਗਰਸ ਦਾ 5 ਸੂਬਿਆਂ ’ਚ ਸਫਾਇਆ ਹੋ ਗਿਆ। ਉੱਤਰ ਪ੍ਰਦੇਸ਼, ਗੋਆ, ਮਣੀਪੁਰ ਤੇ ਉੱਤਰਾਖੰਡ ਵਿਚ ਭਾਜਪਾ ਨੇ ਚੋਣ ਜਿੱਤੀ, ਜਦਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਤੇ ਕਾਂਗਰਸ ਨੂੰ ਸਿਰਫ 18 ਸੀਟਾਂ ਹੀ ਮਿਲੀਆਂ।