ਹੁਸ਼ਿਆਰਪੁਰ, 24 ਮਾਰਚ -ਬੀਤੇ ਦਿਨੀਂ ਹਿੰਦੂ ਸੰਗਠਨਾਂ ਦੇ ਹੁਸ਼ਿਆਰਪੁਰ ਬੰਦ ਨੂੰ ਲੈ ਕੇ ਹੁਸ਼ਿਆਰਪੁਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਮੁਸਲਮਾਨ ਡਾਕਟਰ ਦੀ ਕੀਤੀ ਗਈ ਕੁੱਟਮਾਰ ਤੋਂ ਬਾਅਦ ਜਿੱਥੇ ਪੁਲਿਸ ਵੱਲੋਂ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਆਰੋਪੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਉੱਥੇ ਹੀ ਪੰਜਾਬ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਵੱਲੋਂ ਵੀ ਇਸ ਦਾ ਨੋਟਿਸ ਲੈਂਦੇ ਹੋਏ ਹੁਸ਼ਿਆਰਪੁਰ ਦੀ ਮਸਜਿਦ ਵਿਚ ਪੁਲੀਸ ਅਤੇ ਮੁਸਲਮਾਨ ਭਾਈਚਾਰੇ ਦੇ ਨਾਲ ਮੀਟਿੰਗ ਕੀਤੀ ਗਈ। ਘੱਟ ਗਿਣਤੀ ਕਮਿਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਘੱਟ ਗਿਣਤੀ ਕਮਿਊਨਿਟੀ ਦੇ ਕਿਸੇ ਵੀ ਵਿਅਕਤੀ ਦੇ ਨਾਲ ਧੱਕਾ ਹੁੰਦਾ ਹੈ ਤਾਂ ਉਸ ਨੂੰ ਇਨਸਾਫ ਦਿਵਾਉਣਾ ਹੈ ਤੇ ਘੱਟ ਗਿਣਤੀ ਕਮਿਸ਼ਨ ਦਾ ਵੀ ਇਹ ਮੁੱਖ ਉਦੇਸ਼ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਹੈ ਉਨ੍ਹਾਂ ਤੋਂ ਉਹ ਪੁੱਛਗਿੱਛ ਕਰਨਗੇ ਦੂਸਰੇ ਪਾਸੇ ਪੁਲੀਸ ਨਾਲ ਮੀਟਿੰਗ ਕਰਕੇ ਇਸ ਕੇਸ ਦੇ ਵਿੱਚ ਕਿਹੜੀਆਂ ਧਾਰਾਵਾਂ ਦੇ ਤਹਿਤ ਆਰੋਪੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਲੈ ਕੇ ਕਮਿਸ਼ਨ ਦੇ ਹੈੱਡ ਆਫ਼ਿਸ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸਾਰੇ ਧਰਮਾਂ ਦੀ ਧਰਤੀ ਹੈ ਤੇ ਇੱਥੇ ਕਦੀ ਵੀ ਧਰਮਬਾਦ ਜਾਂ ਵੱਖਵਾਦ ਦੇਖਣ ਨੂੰ ਨਹੀਂ ਮਿਲਿਆ ਹੈ।ਇਸ ਕੇਸ ਦੇ ਵਿੱਚ ਵੀ ਪੂਰੀ ਛਾਣਬੀਣ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਕਿਸ ਵਿਅਕਤੀ ਦੇ ਕਾਰਨ ਇੰਨਾ ਵੱਡਾ ਵਿਵਾਦ ਹੋਇਆ ਹੈ।