ਨਵੀਂ ਦਿੱਲੀ, 9 ਅਪ੍ਰੈਲ – ਹਿਮਾਚਲ ਪ੍ਰਦੇਸ਼ ਚੋਣਾਂ ਦੀਆਂ ਤਿਆਰੀਆਂ ‘ਚ ਜੁਟੀ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ‘ਆਪ’ ਦੇ ਸੂਬਾ ਪ੍ਰਧਾਨ ਅਨੂਪ ਕੇਸਰੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ। ਦਿੱਲੀ ਵਿਖੇ ਬੀਤੀ ਦੇਰ ਰਾਤ ਅਨੂਪ ਕੇਸਰੀ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਡਾ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਅਗਵਾਈ ਵਿਚ ਭਾਜਪਾ ਦਾ ਪੱਲਾ ਫੜਿਆ। ਉਨ੍ਹਾਂ ਨਾਲ ‘ਆਪ’ ਦੇ ਸੰਗਠਨ ਜਨਰਲ ਸਕੱਤਰ ਸਤੀਸ਼ ਠਾਕੁਰ ਅਤੇ ਊਨਾ ਦੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਵੀ ਭਾਜਪਾ ‘ਚ ਸ਼ਾਮਲ ਹੋ ਗਏ ।ਮੰਡੀ ‘ਚ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਡੀ ‘ਚ ਰੋਡ ਸ਼ੋਅ ਕੀਤੇ ਜਾਣ ਤੋਂ ਤਿੰਨ ਦਿਨ ਬਾਅਦ ਹੀ ਅਨੂਪ ਕੇਸਰੀ ਭਾਜਪਾ ‘ਚ ਸ਼ਾਮਿਲ ਹੋ ਗਏ। ਇਸ ਮੌਕੇ ਅਨੁਰਾਗ ਠਾਕੁਰ ਨੇ ਅਨੂਪ ਕੇਸਰੀ ਅਤੇ ਹੋਰਨਾਂ ਆਗੂਆਂ ਦਾ ਪਾਰਟੀ ਵਿਚ ਸ਼ਾਮਿਲ ਹੋਣ ‘ਤੇ ਸਵਾਗਤ ਕਰਦਿਆ ਕਿਹਾ ਕਿ ਜਿਸ ਤਰਾਂ ਯੂ.ਪੀ ਦੀਆਂ ਸਾਰੀਆਂ ਸੀਟਾਂ ‘ਤੇ ‘ਆਪ’ ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋਈ ਉਸੇ ਤਰਾਂ ਹਿਮਾਚਲ ਪ੍ਰਦੇਸ਼ ‘ਚ ਵੀ ‘ਆਪ’ ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋਵੇਗੀ।