ਅੰਮ੍ਰਿਤਸਰ, 11 ਅਪ੍ਰੈਲ – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ 7 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸ਼ੁਸ਼ੋਭਿਤ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਐੱਸ.ਜੀ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਅਦਾ ਕੀਤੀ। ਇਨ੍ਹਾਂ ਸ਼ੁਸ਼ੋਭਿਤ ਤਸਵੀਰਾਂ ਵਿਚ ਬਹਿਬਲ ਕਲਾਂ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਵਾਂ, ਜੋਧਪੁਰ ਬੰਦੀ ਸਿੰਘਾਂ ਦੀ ਰਿਹਾਈ ਵਿਚ ਯਤਨ ਕਰਨ ਵਾਲੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਬੰਸ ਸਿੰਘ ਘੁੰਮਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੱਕਾਸ਼ੀ ’ਚ ਯੋਗਦਾਨ ਪਾਉਣ ਵਾਲੇ ਜੀ. ਐਸ. ਸੋਹਨ ਸਿੰਘ, ਸੰਤ ਪ੍ਰਿਥੀਪਾਲ ਸਿੰਘ ਸੱਯਦ, ਇੰਜੀ: ਡਾ. ਜਸਵੰਤ ਸਿੰਘ ਗਿੱਲ, ਬ੍ਰਗੇਡੀਅਰ ਪ੍ਰੀਤਮ ਸਿੰਘ ਦੀਆਂ ਤਸਵੀਰਾਂ ਸ਼ਾਮਲ ਹਨ।। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸ਼ਖਸੀਅਤਾਂ ਕੌਮ ਲਈ ਪ੍ਰੇਰਣਾ ਸਰੋਤ ਹਨ ਤੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਇਨ੍ਹਾਂ ਸ਼ਖਸੀਅਤਾਂ ਬਾਰੇ ਜਾਣਕਾਰੀ ਮਿਲੇਗੀ।