ਪਾਂਸ਼ਟਾ, 13 ਅਪ੍ਰੈਲ (ਰਜਿੰਦਰ) ਫਗਵਾੜਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਬਹੁਤ ਵੱਧ ਚੁੱਕੀਆ ਹਨ।ਜੇ ਗੱਲ ਕਰੀਏ ਫਗਵਾੜਾ ਨਜ਼ਦੀਕੀ ਪਿੰਡ ਨਰੂੜ ਦੀ ਤਾਂ ਇੱਥੇ ਆਏ ਦਿਨ ਚੋਰੀ ਦੀਆਂ ਹੋ ਰਹੀਆਂ ਵਾਰਦਾਤਾਂ ਕਾਰਨ ਪਿੰਡ ਵਾਸੀ ਦਹਿਸ਼ਤ ਦੇ ਸਾਏ ਵਿਚ ਜਿਊਣ ਲਈ ਮਜਬੂਰ ਹਨ। ਪਰ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਚੋਰਾਂ ਵੱਲੋਂ ਇੱਕ ਵਾਰ ਫਿਰ ਤੋਂ ਆਪਣੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪ੍ਰਵਾਸੀ ਭਾਰਤੀ ਦੀ ਬੰਦ ਪਈ ਇੱਕ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ। ਜਿੱਥੇ ਕਿ ਚੋਰ ਬਰਤਨ, ਟੂਟੀਆਂ ਅਤੇ ਹੋਰ ਸਮਾਨ ਲੈ ਕੇ ਰਫੂ ਚੱਕਰ ਹੋ ਗਏ। ਇਸ ਸਬੰਧੀ ਜਸਪਾਲ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਰੇਸ਼ਮ ਸਿੰਘ ਪਰਿਵਾਰ ਸਮੇਤ ਕੈਨੇਡਾ ਰਹਿੰਦੇ ਹਨ ਤੇ ਪਿਛਿਓ ਕੋਠੀ ਬੰਦ ਪਈ ਹੈ। ਬੀਤੇ ਦਿਨੀਂ ਉਨ੍ਹਾਂ ਦੇ ਗੁਆਂਢ ਵਿਚ ਹੋਈ ਚੋਰੀ ਤੋਂ ਬਾਅਦ ਗੁਆਂਢੀਆਂ ਨੇ ਉਨ੍ਹਾਂ ਨੂੰ ਵੀ ਰੇਸ਼ਮ ਸਿੰਘ ਹੁਰਾਂ ਦੀ ਬੰਦ ਪਈ ਕੋਠੀ ਚੈੱਕ ਕਰਨ ਵਾਸਤੇ ਕਿਹਾ ਸੀ। ਇਸ ਦੌਰਾਨ ਉਹ ਪਾਂਸ਼ਟਾ ਕਿਸੇ ਭੋਗ ‘ਤੇ ਆਏ ਹੋਏ ਸਨ ਤੇ ਜਦੋਂ ਆ ਕੇ ਕੋਠੀ ਚੈੱਕ ਕੀਤੀ ਤਾਂ ਦੇਖਿਆ ਕਿ ਕੋਠੀ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਜਦਕਿ ਚੋਰ ਕੋਠੀ ਅੰਦਰੋ ਬਰਤਨ, ਟੂਟੀਆਂ ਅਤੇ ਪੇਟੀਆਂ ‘ਚੋਂ ਹੋਰ ਸਮਾਨ ਲੈ ਕੇ ਰਫੂ ਚੱਕਰ ਹੋ ਚੁੱਕੇ ਸਨ।ਉਨ੍ਹਾਂ ਦੱਸਿਆ ਕਿ ਚੋਰੀ ਕਾਰਨ 50 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਇਸ ਵਾਰਦਾਤ ਬਾਰੇ ਪੁਲਿਸ ਚੌਂਕੀ ਪਾਂਸ਼ਟਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਅਜੇ 10 ਅਪ੍ਰੈਲ ਨੂੰ ਹੀ ਇਸ ਕੋਠੀ ਦੇ ਨਾਲ ਲੱਗਦੇ ਘਰ ਵਿਚ ਚੋਰੀ ਦੀ ਵਾਰਦਾਤ ਹੋਈ ਸੀ ਤੇ ਉਸੇ ਦਿਨ ਨਜ਼ਦੀਕੀ ਪਿੰਡ ਨਸੀਰਾਬਾਦ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟੀ ਸਵਾਰ ਇੱਕ ਲੜਕੀ ਤੋਂ ਮੋਬਾਈਲ ਤੇ ਸੋਨੇ ਦੀ ਚੈਨ ਵੀ ਖੋਹੀ ਸੀ। ਹੁਣ ਚੋਰੀ ਦੀ ਇੱਕ ਹੋਰ ਵਾਰਦਾਤ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆਂ ਨਿਸ਼ਾਨ ਖੜੇ ਕਰ ਦਿੱਤੇ ਹਨ।ਦੇਖਣਾ ਇਹ ਹੋਵੇਗਾ ਕਿ ਪੁਲਿਸ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲ ਹੁੰਦੀ ਹੈ ਜਾਂ ਫਿਰ ਪਿੰਡ ਦੇ ਲੋਕ ਇਸੇ ਤਰਾਂ ਦਹਿਸ਼ਤ ਦੇ ਸਾਏ ਵਿਚ ਜਿਊਣ ਲਈ ਮਜਬੂਰ ਰਹਿਣਗੇ।