ਫਗਵਾੜਾ, 15 ਅਪ੍ਰੈਲ (ਐਮ.ਐੱਸ.ਰਾਜਾ) ਸਰਕਾਰੀ ਬੱਸਾਂ ਵਾਲੇ ਕਿਸ ਤਰਾਂ ਨਾਲ ਇਨਸਾਨੀ ਜਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ ਇਸ ਦੀ ਤਾਜਾ ਉਦਾਹਰਨ ਦੇਖਣ ਨੂੰ ਮਿਲੀ ਫਗਵਾੜਾ ਨਜਦੀਕੀ ਪਿੰਡ ਰਿਹਾਣਾ ਜੱਟਾਂ ਨਜਦੀਕ ਜਿੱਥੇ ਕਿ ਪੀ.ਆਰ.ਟੀ.ਸੀ ਬੱਸ ਦੇ ਡਰਾਇਵਰ ਨੇ ਤੇਜ ਰਫਤਾਰ ਨਾਲ ਓਵਰ ਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਕੈਂਟਰ ਵਿੱਚ ਬੱਸ ਠੋਕ ਦਿੱਤੀ। ਹਾਦਸੇ ਵਿੱਚ ਇੱਕ ਦਰਜਨ ਦੇ ਕਰੀਬ ਸਵਾਰੀਆਂ ਜਖਮੀ ਹੋ ਗਈਆ, ਜਿਨਾਂ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਸਬੰਧੀ ਬਸ ਵਿੱਚ ਸਵਾਰ ਕੁੱਝ ਸਵਾਰੀਆਂ ਤੇ ਸਵਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਸ ਡਰਾਇਵਰ ਬੜੀ ਹੀ ਲਾਪ੍ਰਵਾਹੀ ਨਾਲ ਤੇਜ ਰਫਤਾਰ ਵਿੱਚ ਬੱਸ ਚਲਾ ਰਿਹਾ ਸੀ ਜਿਸ ਦਾ ਖਮਿਆਜਾ ਸਵਾਰੀਆਂ ਨੂੰ ਸੱਟਾਂ ਲਗਵਾ ਕੇ ਭੁਗਤਨਾ ਪਿਆ। ਉਨਾਂ ਕਿਹਾ ਕਿ ਉਕਤ ਬੱਸ ਲੁਧਿਆਣਾ ਤੋ ਹੁਸ਼ਿਆਰਪੁਰ ਜਾ ਰਹੀ ਸੀ ਕਿ ਰਿਹਾਣਾ ਜੱਟਾਂ ਵਿਖੇ ਡਰਾਈਵਰ ਦੀ ਗਲਤੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ।ਉਧਰ ਜਦੋ ਬਸ ਚਾਲਕ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਜਦ ਕਿ ਕੈਂਟਰ ਚਾਲਕ ਦਾ ਕਹਿਣਾ ਹੈ ਕਿ ਉਹ ਆਪਣੇ ਰਾਸਤੇ ਤੇ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਫਗਵਾੜਾ ਵੱਲ ਆ ਰਿਹਾ ਸੀ ਕਿ ਸਾਹਮਣੇ ਤੋਂ ਤੇਜ ਰਫਤਾਰ ਬੱਸ ਦੇ ਚਾਲਕ ਨੇ ਓਵਰ ਟੇਕ ਕਰਦੇ ਸਮੇਂ ਉਸ ਦੇ ਕੈਂਟਰ ਵਿੱਚ ਟੱਰਕ ਮਾਰ ਦਿੱਤੀ। ਜਿਸ ਕਾਰਨ ਉਸ ਦਾ ਕੈਂਟਰ ਸੜਕ ਤੋਂ ਹੇਠਾ ਡੂੰਗੇ ਟੋਏ ਵਿੱਚ ਜਾ ਡਿਗਿਆ।ਹਾਦਸੇ ਦੀ ਸੂਚਨਾਂ ਮਿਲਦੇ ਸਾਰ ਹੀ ਥਾਣਾ ਰਾਵਲ ਪਿੰਡੀ ਦੇ ਐੱਸ.ਐੱਚ.ਓ ਹਰਦੇਵਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਉਨਾਂ ਕਿਹਾ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਖਮੀ ਸਵਾਰੀਆਂ ਜੋ ਵੀ ਬਿਆਨ ਦੇਣਗੀਆ ਉਸ ਮੁਤਾਬਿਕ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਜਾਂਚ ਦੋਰਾਨ ਅਗਰ ਬੱਸ ਚਾਲਕ ਦੀ ਗਲਤੀ ਪਾਈ ਗਈ ਤਾਂ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।