ਫਗਵਾੜਾ, 3 ਮਈ (ਰਮਨਦੀਪ) – ਫਗਵਾੜਾ ਅਤੇ ਆਸ ਪਾਸ ਦੇ ਇਲਾਕੇ ਵਿਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਆਮ ਹੋ ਚੁੱਕਾ ਹੈ। ਆਏ ਦਿਨ ਚੋਰ ਅਤੇ ਲੁਟੇਰੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਹਨ ਜਦਕਿ ਫਗਵਾੜਾ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਵਿਚ ਪੂਰੀ ਤਰਾਂ ਨਾਕਾਮ ਸਾਬਿਤ ਹੋ ਰਹੀ ਹੈ। ਚੋਰੀ ਦੀ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਚੋਰ ਫਗਵਾੜਾ ਦੇ ਮਾਡਲ ਟਾਊਨ ਵਿਖੇ ਇੱਕ ਘਰ ‘ਚੋਂ ਲੱਖਾਂ ਰੁਪਏ ਦੀ ਨਗਦੀ, ਗਹਿਣਿਆਂ ਅਤੇ ਹੋਰ ਸਮਾਨ ਉੱਪਰ ਹੱਥਸਾਫ ਕਰਕੇ ਚੱਲਦੇ ਬਣੇ। ਘਰ ਦੇ ਮਾਲਿਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਦਿੱਲੀ ਏਅਰਪੋਰਟ ਛੱਡਣ ਗਏ ਹੋਏ ਸਨ ਤੇ ਸਵੇਰੇ ਜਦੋਂ ਵਾਪਿਸ ਆਏ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਚੋਰ ਛੱਤ ਉੱਪਰੋ ਦੀ ਘਰ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦਾ ਸੋਨਾ, ਵੀਡੀਓ ਕੈਮਰਾ, 2 ਲੱਖ ਦੇ ਕਰੀਬ ਭਾਰਤੀ ਕਰੰਸੀ, 1 ਲੱਖ ਦੀ ਵਿਦੇਸ਼ੀ ਕਰੰਸੀ ਤੋਂ ਇਲਾਵਾ ਹੋਰ ਸਮਾਨ ਚੋਰੀ ਕਰੇ ਰਫੂ ਚੱਕਰ ਹੋ ਚੁੱਕੇ ਸਨ।ਚੋਰੀ ਦੀ ਇਸ ਵਾਰਦਾਤ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਓਧਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਘਰ ਦੇ ਮਾਲਿਕ ਅਨੁਸਾਰ ਚੋਰੀ ਕਾਰਨ ਉਨ੍ਹਾਂ ਦਾ 12 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਤੇ ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।ਫਗਵਾੜਾ ਅਤੇ ਆਸ ਪਾਸ ਦੇ ਇਲਾਕੇ ਵਿਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਜਿੱਥੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ ਉੱਥੇ ਹੀ ਇਹ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਸਾਰਿਆ ਸਾਹਮਣੇ ਉਜਾਗਰ ਕਰ ਰਹੀਆਂ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਵਰਦਾਤ ਨੂੰ ਟਰੇਸ ਕਰ ਪਾਉਂਦੀ ਹੈ ਜਾਂ ਬਾਕੀ ਦੀਆਂ ਵਾਰਦਾਤਾਂ ਵਾਂਗ ਇਹ ਵਾਰਦਾਤ ਵੀ ਤਫਤੀਸ਼ ਤੱਕ ਹੀ ਸੀਮਤ ਰਹਿ ਜਾਵੇਗੀ।