ਫਗਵਾੜਾ, 20 ਮਈ (ਰਮਨਦੀਪ) – ਫਗਵਾੜਾ ਵਿਖੇ ਲੜਕੀਆਂ ਦੇ ਨਿੱਜੀ ਸਕੂਲ ਵਿਖੇ ਉਸ ਸਮੇਂ ਹਫੜਾ ਤਫੜੀ ਦਾ ਮਾਹੋਲ ਬਣ ਗਿਆ ਜਦੋਂ ਇੱਕ ਨੌਜ਼ਵਾਨ ਵੱਲੋਂ ਭੇਦ ਭਰੇ ਹਲਾਤਾ ਵਿੱਚ ਜ਼ਹਿਰੀਲਾ ਪਦਾਰਥ ਨਿਗਲ ਲਿਆ। ਬੇਹੋਸ਼ੀ ਦੀ ਹਾਲਤ ਵਿੱਚ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ।ਸਕੂਲ ਦੀ ਇੰਚਾਰਜ ਨੇ ਦੱਸਿਆ ਕਿ ਦੁਪਿਹਰ 2 ਵਜੇ ਕਰੀਬ ਜਦੋਂ ਬੱਚਿਆਂ ਦਾ ਪੇਪਰ ਸ਼ੁਰੂ ਹੋਣ ਲੱਗਾ ਤਾਂ ਉਸ ਸਮੇਂ ਇੱਕ ਨੌਜ਼ਵਾਨ ਸਕੂਲ ਅੰਦਰ ਦਾਖਲ ਹੋਇਆ ਤੇ ਦੇਖਦੇ ਹੀ ਦੇਖਦੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਤੋਂ ਬਾਅਦ ਸਕੂਲ ਦੇ ਚੌਂਕੀਦਾਰ ਵੱਲੋਂ ਨੌਜ਼ਵਾਨ ਦੇ ਮੂੰਹ ਵਿੱਚੋ ਗੋਲੀ ਕੱਢਣ ਦੀ ਕੋਸਿਸ਼ ਵੀ ਕੀਤੀ ਗਈ, ਪਰੰਤੂ ਉਕਤ ਲੜਕਾ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਨਾਂ ਤਰੁੰਤ ਹੀ ਫਗਵਾੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸ ਲੜਕੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ।ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਕਤ ਲੜਕੇ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।ਉਕਤ ਘਟਨਾਂ ਦੀ ਸੂਚਨਾਂ ਮਿਲਦੇ ਸਾਰ ਹੀ ਥਾਣਾ ਸਿਟੀ ਦੇ ਐੱਸ.ਐੱਚ.ਓ ਅਮਨਦੀਪ ਨਾਹਰ ਨੇ ਦੱਸਿਆ ਕਿ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੋਜ਼ਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ ਵਾਸੀ ਭੁਲੱਥ ਵੱਜੋ ਹੋਈ ਹੈ। ਉਨਾਂ ਕਿਹਾ ਕਿ ਉਕਤ ਲੜਕੇ ਨੇ ਜ਼ਹਿਰੀਲਾ ਪਦਾਰਥ ਕਿਉਂ ਨਿਗਲਿਆ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਅਸਲ ਕਾਰਨਾ ਦਾ ਪਤਾ ਲੱਗ ਸਕੇਗਾ। ਉਨਾਂ ਕਿਹਾ ਕਿ ਪੁਲਿਸ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੌਜ਼ਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਉਕਤ ਲੜਕੇ ਨੇ ਜ਼ਹਿਰੀਲਾ ਪਦਾਰਥ ਕਿਉਂ ਨਿਗਲਿਆ ਇਸ ਬਾਰੇ ਅਜੇ ਕਿਸੇ ਤਰਾਂ ਦਾ ਖੁਲਾਸਾ ਨਹੀ ਹੋਇਆ।