ਅਮਰੀਕਾ ਨੇ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੂੰ ਮੁਸਾਫਰਾਂ ਨੂੰ 121.5 ਮਿਲੀਅਨ ਡਾਲਰ ਵਾਪਸ ਕਰਨ ਅਤੇ 1.4 ਮਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਡਾਣਾਂ ਰੱਦ ਹੋਣ ਜਾਂ ਬਦਲਣ ਕਾਰਨ ਯਾਤਰੀਆਂ ਨੂੰ ਰਿਫੰਡ ਦੇਣ ‘ਚ ਜ਼ਿਆਦਾ ਦੇਰੀ ਕਾਰਨ ਇਹ ਹੁਕਮ ਦਿੱਤਾ ਗਿਆ ਹੈ। ਅਜਿਹੇ ਜ਼ਿਆਦਾਤਰ ਮਾਮਲੇ ਕੋਰੋਨਾ ਮਹਾਮਾਰੀ ਦੌਰਾਨ ਹਨ। ਯੂਐਸ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਏਅਰ ਇੰਡੀਆ ਉਨ੍ਹਾਂ ਛੇ ਏਅਰਲਾਈਨਾਂ ਵਿੱਚੋਂ ਇੱਕ ਹੈ ਜੋ ਕੁੱਲ 600 ਮਿਲੀਅਨ ਡਾਲਰ ਤੋਂ ਵੱਧ ਦਾ ਰਿਫੰਡ ਦੇਣ ਲਈ ਸਹਿਮਤ ਹੋ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਬੇਨਤੀ ‘ਤੇ ਰਿਫੰਡ ਦੀ ਏਅਰ ਇੰਡੀਆ ਦੀ ਨੀਤੀ ਟਰਾਂਸਪੋਰਟ ਵਿਭਾਗ ਦੀ ਨੀਤੀ ਦੇ ਉਲਟ ਹੈ। ਜੋ ਕਿ ਕਾਨੂੰਨੀ ਤੌਰ ‘ਤੇ ਏਅਰਲਾਈਨਾਂ ਨੂੰ ਫਲਾਈਟ ਰੱਦ ਹੋਣ ਜਾਂ ਫਲਾਈਟ ‘ਚ ਬਦਲਾਅ ਦੀ ਸਥਿਤੀ ‘ਚ ਟਿਕਟ ਰਿਫੰਡ ਕਰਨ ਲਈ ਮਜਬੂਰ ਕਰਦਾ ਹੈ। ਹਾਲਾਂਕਿ, ਜਿਨ੍ਹਾਂ ਕੇਸਾਂ ਵਿੱਚ ਏਅਰ ਇੰਡੀਆ ਨੂੰ ਰਿਫੰਡ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ ਅਤੇ ਜੁਰਮਾਨੇ ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਏ ਸਨ, ਉਹ ਟਾਟਾ ਦੁਆਰਾ ਏਅਰ ਇੰਡੀਆ ਨੂੰ ਲੈਣ ਤੋਂ ਪਹਿਲਾਂ ਦੇ ਹਨ। ਇੱਕ ਅਧਿਕਾਰਤ ਜਾਂਚ ਦੇ ਅਨੁਸਾਰ, ਏਅਰ ਇੰਡੀਆ ਦੁਆਰਾ ਰੱਦ ਜਾਂ ਸੋਧੀਆਂ ਗਈਆਂ ਉਡਾਣਾਂ ਲਈ ਟਰਾਂਸਪੋਰਟ ਵਿਭਾਗ ਕੋਲ ਦਰਜ 1,900 ਰਿਫੰਡ ਸ਼ਿਕਾਇਤਾਂ ਵਿੱਚੋਂ ਅੱਧੇ ਤੋਂ ਵੱਧ ਦਾ ਨਿਪਟਾਰਾ ਕਰਨ ਵਿੱਚ ਏਅਰ ਇੰਡੀਆ ਨੂੰ 100 ਤੋਂ ਵੱਧ ਦਿਨ ਲੱਗ ਗਏ।