ਵਿਜੀਲੈਂਸ ਵੱਲੋਂ ਈ.ਓ. ਗ੍ਰਿਫ਼ਤਾਰ  ਨਗਰ ਕੌਂਸਲ ਦੇ ਫੰਡਾਂ ‘ਚ ਘਪਲਾ ਕਰਨ ਦੇ ਇਲਜ਼ਾਮ ‘ਚ

ਅੱਜ ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਅਸ਼ੋਕ ਕੁਮਾਰ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗ੍ਰਾਂਟਾਂ ਵਿੱਚ ਘਪਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।  ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਨਗਰ ਕੌਂਸਲ ਦੀਨਾਨਗਰ ਨੂੰ ਵਿਕਾਸ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਸਨ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਈ.ਓ. ਅਸ਼ੋਕ ਕੁਮਾਰ ਨੇ ਦੀਨਾਨਗਰ ਵਿਖੇ ਆਪਣੀ ਤਾਇਨਾਤੀ ਦੌਰਾਨ ਇੱਕ ਸਥਾਨਕ ਵਿਕਰੇਤਾ ਤੋਂ ਸਟਰੀਟ ਲਾਈਟਾਂ ਦੀ ਖਰੀਦ ਲਈ 1,97,000 ਰੁਪਏ ਦਾ ਫ਼ਰਜੀ ਬਿੱਲ ਪ੍ਰਵਾਨ ਕੀਤਾ ਸੀ ਪਰ ਅਸਲ ਵਿੱਚ ਇਸ ਸਬੰਧੀ ਕੋਈ ਖਰੀਦ ਹੀ ਨਹੀਂ ਕੀਤੀ ਗਈ ਅਤੇ ਉਸ ਨੇ ਨਿੱਜੀ ਹਿੱਤਾਂ ਲਈ ਪੈਸੇ ਦਾ ਗਬਨ ਕਰਨ ਅਤੇ ਵਿਭਾਗ ਨੂੰ ਭੇਜੇ ਜਾਣ ਵਾਲੇ ਉਪਯੋਗਤਾ ਸਰਟੀਫਿਕੇਟ ਵਜੋਂ ਵਰਤਣ ਲਈ ਇਹ ਫ਼ਰਜੀ ਬਿੱਲ ਤਿਆਰ ਕੀਤਾ ਸੀ। ਮੁਲਜਮ ਈ.ਓ. ਨੇ ਦੀਨਾਨਗਰ ਨਗਰ ਕੌਂਸਲ ਲਈ ਪੀ.ਐਮ.ਆਈ.ਡੀ.ਸੀ. ਸਕੀਮ ਤਹਿਤ ਜਾਰੀ ਕੀਤੀਆਂ ਗ੍ਰਾਂਟਾਂ ਵਿੱਚ ਵੀ ਘਪਲਾ ਕੀਤਾ ਹੈ। ਇਸ ਸਬੰਧੀ ਉਕਤ ਈ.ਓ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਸੀ।

Leave a Reply

Your email address will not be published. Required fields are marked *