ਰੇਡੀਉ ’ਤੇ ਹੁਣ ਨਸ਼ੀਲੇ ਪਦਾਰਥਾਂ ਸਮੇਤ ਇਨ੍ਹਾਂ ਨੂੰ ਪ੍ਰਮੋਟ ਕਰਨ ਵਾਲੇ ਕੰਟੈਂਟ ਨਾਲ ਸਬੰਧਤ ਗਾਣੇ ਨਹੀਂ ਸੁਣਾਈ ਦੇਣਗੇ। ਦਰਅਸਲ, ਕੇਂਦਰ ਸਰਕਾਰ ਨੇ ਐਫ.ਐਮ. ਰੇਡੀਉ ਚੈਨਲਾਂ ਨੂੰ ਨਸ਼ੇ ਨੂੰ ਉਤਸ਼ਾਹ ਦੇਣ ਵਾਲੇ ਗਾਣਿਆਂ ਜਾਂ ਹੋਰ ਕੰਟੈਂਟ ਪੇਸ਼ ਨਾ ਕਰਨ ਲਈ ਚਿਤਾਵਨੀ ਦਿਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਫ਼.ਐਮ. ਰੇਡੀਉ ਚੈਨਲਾਂ ਨੂੰ ਇਸ ਲਈ ਨਿਰਦੇਸ਼ ਵੀ ਜਾਰੀ ਕਰ ਦਿਤੇ ਹਨ। ਮੰਤਰਾਲਾ ਨੇ ਅਪਣੇ ਨਿਰਦੇਸ਼ ’ਚ ਕਿਹਾ ਹੈ ਕਿ ਤੈਅ ਨਿਯਮਾਂ ਅਤੇ ਸ਼ਰਤਾਂ ਦਾ ਸਖ਼ਤੀ ਨਾਲ ਪਾਲਨ ਕਰੋ ਅਤੇ ਸ਼ਰਾਬ, ਡਰੱਗ, ਗਨ-ਕਲਚਰ ਸਮੇਤ ਅਸਮਾਜਕ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਵਾਲੇ ਕਿਸੇ ਵੀ ਕੰਟੈਂਟ ਦਾ ਪ੍ਰਸਾਰਣ ਨਾ ਕਰੋ। ਮੰਤਰਾਲਾ ਨੇ ਕੁੱਝ ਐਫ਼.ਐਮ. ਚੈਨਲਾਂ ਦੁਆਰਾ ਸ਼ਰਾਬ, ਡਰੱਗ, ਹਥਿਆਰ, ਗੈਂਗਸਟਰ ਅਤੇ ਬੰਦੂਕ ਸਭਿਆਚਾਰ ਦਾ ਮਹਿਮਾਮੰਡਨ ਕਰਨ ਵਾਲੇ ਗਾਣਿਆਂ ਜਾਂ ਪ੍ਰਸਾਰਣ ਸਮੱਗਰੀ ਚਲਾਉਂਦੇ ਫੜਿਆ ਸੀ, ਜਿਸ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿਚ ਦਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਆਇਕ ਨੋਟ ਲਿਆ ਸੀ ਕਿ ਅਜਿਹੀ ਸਮੱਗਰੀ ਨਵੀਂ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਗਨ-ਗਲਚਰ ਨੂੰ ਜਨਮ ਦਿੰਦੀ ਹੈ। ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਆਕਾਸ਼ਵਾਣੀ ਪ੍ਰੋਗਰਾਮ ਦਾ ਉਲੰਘਣ ਕਰਦੀ ਹੈ ਅਤੇ ਕੇਂਦਰ ਸਰਕਾਰ ਨੂੰ ਮਨਜੂਰੀ ਦੇ ਨਿਲੰਬਨ ਅਤੇ ਪ੍ਰਸਾਰਣ ’ਤੇ ਰੋਕ ਲਗਾਉਣ ਲਈ ਪਾਬੰਦੀ ਲਗਾਉਣ ਦਾ ਅਧਿਕਾਰ ਹੈ।