ਬੈਤੂਲ ਜ਼ਿਲ੍ਹੇ ‘ਚ ਇੱਕ ਹੋਸਟਲ ਸੁਪਰਡੈਂਟ ਵਲੋਂ ਪੈਸੇ ਚੋਰੀ ਕਰਨ ਦੇ ਸ਼ੱਕ ‘ਚ ਪੰਜਵੀਂ ਜਮਾਤ ਦੀ ਇੱਕ ਵਿਦਿਆਰਥਣ ਨੂੰ ਕਥਿਤ ਤੌਰ ‘ਤੇ ਜੁੱਤੀਆਂ ਦੀ ਮਾਲਾ ਪਹਿਨਾ ਕੇ ਹੋਸਟਲ ‘ਚ ਘੁਮਾਇਆ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਘਟਨਾ ਪਿਛਲੇ ਹਫ਼ਤੇ ਪਿੰਡ ਦਮਜੀਪੁਰਾ ਦੇ ਸਰਕਾਰੀ ਆਦਿਵਾਸੀ ਬਾਲਿਕਾ ਹੋਸਟਲ ਵਿੱਚ ਵਾਪਰੀ। ਇਸ ਸੰਬੰਧੀ ਸ਼ਿਕਾਇਤ ਕਰਨ ਲਈ ਲੜਕੀ ਦੇ ਰਿਸ਼ਤੇਦਾਰ ਮੰਗਲਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਅਮਨਵੀਰ ਸਿੰਘ ਬੈਂਸ ਦੇ ਦਫ਼ਤਰ ਪੁੱਜੇ। ਸ਼ਿਕਾਇਤ ‘ਤੇ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਆਦਿਵਾਸੀ ਮਾਮਲਿਆਂ ਦੇ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੋਸਟਲ ਦੀ ਮਹਿਲਾ ਸੁਪਰਡੈਂਟ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਲੜਕੀ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਲੜਕੀ ਦਮਜੀਪੁਰਾ ਵਿੱਚ ਆਦਿਵਾਸੀ ਮਾਮਲੇ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਸਟਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ, ਅਤੇ ਜਦੋਂ ਉਹ ਉਸ ਨੂੰ ਮਿਲਣ ਗਿਆ ਤਾਂ ਉਸ ਨੇ ਉਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਬੇਟੀ ਦੇ ਚਿਹਰੇ ‘ਤੇ ਭੂਤ-ਪ੍ਰੇਤ ਵਰਗਾ ਮੇਕਅੱਪ ਕੀਤਾ ਗਿਆ, ਅਤੇ ਸੁਪਰਡੈਂਟ ਨੇ ਇੱਕ ਹੋਰ ਲੜਕੀ ਦੇ 400 ਰੁਪਏ ਚੋਰੀ ਕਰਨ ਦੇ ਦੋਸ਼ ਵਿੱਚ ਉਸ ਨੂੰ ਜੁੱਤੀਆਂ ਦਾ ਹਾਰ ਪਹਿਨਾ ਕੇ ਹੋਸਟਲ ਕੰਪਲੈਕਸ ‘ਚ ਘੁਮਾਇਆ। ਉਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੀ ਲੜਕੀ ਹੋਸਟਲ ਵਿਚ ਰਹਿਣ ਲਈ ਤਿਆਰ ਨਹੀਂ ਸੀ। ਆਦਿਵਾਸੀ ਮਾਮਲੇ ਵਿਭਾਗ ਦੀ ਸਹਾਇਕ ਕਮਿਸ਼ਨਰ ਸ਼ਿਲਪਾ ਜੈਨ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਹੋਸਟਲ ਸੁਪਰਡੈਂਟ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਇਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।