ਸੰਗਰੂਰ ਦੇ ਪਿੰਡ ਮੰਗਵਾਲ ਦੀਆਂ ਦੋ ਭੈਣਾਂ ਮਨਵੀਰ ਕੌਰ ਅਤੇ ਖੁਸ਼ਵੀਰ ਕੌਰ ਨੂੰ ਡੀਸੀ ਨੇ ਕੁਝ ਸਮੇਂ ਲਈ ਆਪਣੀ ਕੁਰਸੀ ’ਤੇ ਬਿਠਾਇਆ ਅਤੇ ਉਨ੍ਹਾਂ ਨੂੰ ਡੀਸੀ ਦਾ ਕੰਮ ਵੀ ਸਮਝਾਇਆ । ਇੰਨਾ ਹੀ ਨਹੀਂ ਉਨ੍ਹਾਂ ਤੋਂ ਹਰ ਆਨਲਾਈਨ ਫਾਈਲ ਨੂੰ ਕਲੀਅਰ ਵੀ ਕਰਵਾਇਆ । ਦਰਅਸਲ, ਕੁਝ ਦਿਨ ਪਹਿਲਾਂ ਡੀਸੀ ਜਤਿੰਦਰਾ ਜੋਰਵਾਲ ਪਿੰਡ ਮੰਗਵਾਲ ਦੇ ਸਰਕਾਰੀ ਸਕੂਲ ਵਿੱਚ ਗਏ ਸਨ। ਉਥੇ 7ਵੀਂ ਜਮਾਤ ਦੀ ਵਿਦਿਆਰਥਣ ਖੁਸ਼ਵੀਰ ਕੌਰ ਨੂੰ ਜਦੋਂ ਪਤਾ ਲੱਗਿਆ ਕਿ ਡੀਸੀ ਸਕੂਲ ਵਿੱਚ ਆਏ ਹਨ ਤਾਂ ਉਹ ਦੌੜ ਕੇ ਉਨ੍ਹਾਂ ਕੋਲ ਗਈ ਅਤੇ ਉਨ੍ਹਾਂ ਦਾ ਹੱਥ ਫੜ ਕੇ ਬੋਲੀ, ‘ਸਰ, ਮੈਂ ਅਤੇ ਮੇਰੀ ਵੱਡੀ ਭੈਣ ਵੀ ਤੁਹਾਡੇ ਤਰ੍ਹਾਂ ਡੀਸੀ ਬਣਨਾ ਚਾਹੁੰਦੇ ਹਾਂ । ਛੋਟੀ ਬੱਚੀ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਡੀਸੀ ਨੂੰ ਬਹੁਤ ਵਧੀਆ ਲੱਗਿਆ । ਉਨ੍ਹਾਂ ਨੇ ਸਕੂਲ ਦੇ ਮੁੱਖ ਅਧਿਆਪਕ ਜਗਤਾਰ ਸਿੰਘ ਨੂੰ ਦੋਵਾਂ ਭੈਣਾਂ ਨੂੰ ਦਫ਼ਤਰ ਲੈ ਕੇ ਆਉਣ ਲਈ ਕਿਹਾ । ਵੀਰਵਾਰ ਨੂੰ ਹੈੱਡਮਾਸਟਰ ਜਗਤਾਰ ਸਿੰਘ ਖੁਸ਼ਵੀਰ ਕੌਰ ਅਤੇ ਉਸ ਦੀ ਵੱਡੀ ਭੈਣ ਮਨਵੀਰ ਕੌਰ ਨੂੰ ਲੈ ਕੇ ਡੀ.ਸੀ.ਦਫਤਰ ਪਹੁੰਚੇ ਸਨ । ਡੀਸੀ ਨੇ ਕਿਹਾ ਕਿ ਮਜ਼ਬੂਤ ਇਰਾਦਿਆਂ ਨਾਲ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ । ਹਰ ਕਿਸਮ ਦੀ ਪ੍ਰਤੀਯੋਗੀ ਪ੍ਰੀਖਿਆ ਦਾ ਟੈਸਟ ਦਿੱਤਾ ਜਾਵੇ ਤਾਂ ਜੋ ਛੋਟੇ-ਛੋਟੇ ਕਦਮ ਹੌਲੀ-ਹੌਲੀ ਵੱਡੇ ਕਦਮ ਬਣ ਸਕਣ। ਦੋਵੇਂ ਕੁੜੀਆਂ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ। ਮਨਵੀਰ ਕੌਰ ਦੇ ਡੀਸੀ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਕਰ ਰਹੀਆਂ ਹਨ।