ਤਰਨਤਾਰਨ ਥਾਣੇ ‘ਤੇ ਹੋਏ ਰਾਕੇਟ ਲਾਂਚਰ ਗ੍ਰੇਨੇਡ ਹਮਲੇ ਤੋਂ ਬਾਅਦ ਪੁਲਿਸ ਅਲਰਟ ਹੋ ਗਈ ਹੈ। ਸੀਨੀਅਰ ਕਪਤਾਨ ਪੁਲਿਸ ਤਰਨਤਾਰਨ ਨੇ ਸਾਰੇ ਪੁਲਿਸ ਮਹਿਕਮੇ ਨੂੰ ਆਪਣੀਆਂ ਬਿਲਡਿੰਗਾਂ ਥਾਣਿਆਂ ਤੇ ਮੁਲਾਜ਼ਮਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੇ ਹੁਕਮ ਦਿੱਤੇ ਹਨ। ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਸੁਰੱਖਿਆ ਦੇ ਸਬੰਧ ਵਿੱਚ ਖੁਫੀਆ ਇਨਪੁਟਸ ਮਿਲੀਆਂ ਹਨ ਕਿ ਗੈਂਗਸਟਰਾਂ/ਅੱਤਵਾਦੀਆਂ ਵੱਲੋਂ ਪੁਲਿਸ ਕਰਮਚਾਰੀਆਂ ਦਾ ਜਾਨੀ ਜਾਂ ਪੁਲਿਸ ਵਿਭਾਗ ਦੀਆਂ ਬਿਲਡਿੰਗਾਂ, ਥਾਣਿਆਂ ਆਦਿ ਦਾ ਮਾਲੀ ਨੁਕਸਾਨ ਕੀਤਾ ਜਾ ਸਕਦਾ ਹੈ। ਇਸ ਲਈ ਸਬ-ਡਵੀਜ਼ਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪੁਲਿਸ ਥਾਣਿਆਂ/ ਬਿਲਡਿੰਗਾਂ ‘ਚ ਐਂਟਰੀ ਤੋਂ ਪਹਿਲਾਂ ਹਰੇਕ ਵਿਅਕਤੀ ਦੀ ਚੰਗੀ ਤਰ੍ਹਾਂ ਕੀਤੀ ਜਾਵੇ ਅਤੇ ਅੰਦਰ ਆਉਣ ਵਾਲੇ ਵਿਅਕਤੀ ਦਾ ਆਈਡੀ ਪਰੂਫ ਦੀ ਚੈੱਕ ਕੀਤਾ ਜਾਵੇ। ਮੇਨ ਗੇਟ ਤੋਂ ਇਲਾਵਾ ਹੋਰ ਕਿਸੇ ਵੀ ਰਸਤੇ ਤੋਂ ਇਨ੍ਹਾਂ ਬਿਲਡਿੰਗਾਂ ਵਿੱਚ ਐਂਟਰੀ ਨਾ ਹੋਣ ਦਿੱਤੀ ਜਾਵੇ। ਮੇਨ ਗੇਟ ‘ਤੇ ਹਮੇਸ਼ਾ ਸੰਤਰੀ ਅਸਲੇ ਨਾਲ ਸੰਤਰੀ ਪੋਸਟ ‘ਤੇ ਤਾਇਨਾਤ ਰਹਿਣਾ ਚਾਹੀਦਾ ਹੈ। ਇ ਤੋਂ ਇਲਾਵਾ ਇੱਕ ਸੰਤਰੀ ਪੱਕੇ ਤੌਰ ‘ਤੇ ਐੱਲ.ਐੱਮ.ਜੀ. ਨਾਲ ਛੱਤ ਉਪਰ ਸੁਰੱਖਿਆ ਲਈ ਲਾਇਆ ਜਾਵੇ ਤਾਂ ਜੋ ਚਾਰੇ ਪਾਸਿਓਂ ਦੂਰ-ਦੂਰ ਤੱਕ ਨਿਗਰਾਨੀ ਰਖੀ ਜਾ ਸਕੇ। ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਥਾਣਿਆਂ ਵਿੱਚ ਸੰਤਰੀ ਪੋਸਟ ਨਹੀਂ ਬਣੀ ਹੈ ਉਸ ਥਾਣੇ ਵੱਚ ਤੁਰੰਤ ਇਹ ਪੋਸਟ ਬਣਾਈ ਜਾਵੇ ਤਾਂ ਜੋ ਸੰਤਰੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਸਭ ਤੋਂ ਪਹਿਲਾਂ ਆਪਣਾ ਅਤੇ ਫਿਰ ਸਾਥੀ ਕਰਮਚਾਰੀਆਂ ਦਾ ਬਚਾਅ ਕਰ ਸਕੇ। ਸਬ-ਡਵੀਜ਼ਨ ਦੇ ਦਫਤਰਾਂ/ ਥਾਣਿਆਂ ਦੀਆਂ ਬਿਲਡਿੰਗਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਪ ਕਪਤਾਨ ਪੁਲਿਸ, ਸਬ-ਡਵੀਜ਼ਨਾਂ ਦੀ ਹੋਵੇਗੀ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ।