ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਦੇਰ ਰਾਤ ਚੰਡੀਗੜ੍ਹ ਵਿੱਚ ਬਤੌਰ ਐੱਸਐੱਸਪੀ ਤਾਇਨਾਤ ਕੁਲਦੀਪ ਸਿੰਘ ਚਾਹਲ ਨੂੰ ਰਿਲੀਵ ਕਰਕੇ ਪੰਜਾਬ ਵਾਪਸ ਭੇਜ ਦਿੱਤਾ ਹੈ। ਇਹ ਆਦੇਸ਼ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਨੇ ਜਾਰੀ ਕੀਤੇ ਹਨ। ਯੂਟੀ ਪ੍ਰਸ਼ਾਸਨ ਨੇ ਦੇਰ ਰਾਤ ਆਦੇਸ਼ ਜਾਰੀ ਕਰਦਿਆਂ ਤੁਰੰਤ ਪ੍ਰਭਾਵ ਤੋਂ ਐੱਸਐੱਸਪੀ ਨੂੰ ਰਿਲੀਵ ਕਰ ਦਿੱਤਾ ਹੈ ਜਦੋਂ ਕਿ ਐੱਸਐੱਸਪੀ ਟਰੈਫ਼ਿਕ ਵਜੋਂ ਤਾਇਨਾਤ ਮਨੀਸ਼ਾ ਚੌਧਰੀ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਐਸਐਸਪੀ ਦਾ ਅਹੁਦਾ ਪੰਜਾਬ ਕੇਡਰ ਦੇ ਅਧਿਕਾਰੀ ਲਈ ਰਾਖਵਾਂ ਹੈ। ਸਾਲ 2009 ਬੈਚ ਦੇ ਆਈਪੀਐਸ ਕੁਲਦੀਪ ਸਿੰਘ ਚਾਹਲ ਨੂੰ ਸਤੰਬਰ 2021 ਵਿੱਚ ਚੰਡੀਗੜ੍ਹ ਵਿੱਚ ਨਿਯੁਕਤ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਤਿੰਨ ਸਾਲ ਡੈਪੂਟੇਸ਼ਨ ’ਤੇ ਰਹੇ ਚਾਹਲ ਦਾ ਕਾਰਜਕਾਲ ਸਤੰਬਰ 2023 ਵਿੱਚ ਖ਼ਤਮ ਹੋਣਾ ਸੀ।