ਲਤੀਫਪੁਰਾ ਦੇ ਲੋਕਾਂ ਨੂੰ ਮਿਲਣਗੇ ਘਰ, ਮਾਨ ਸਰਕਾਰ ਦਾ ਵੱਡਾ ਫੈਸਲਾ !

ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਜਲੰਧਰ ਦੇ ਲਤੀਫਪੁਰਾ ‘ਚ ਨਜਾਇਜ਼ ਕਬਜ਼ੇ ਹਟਾਉਣ ਅਤੇ ਘਰ ਢਾਹੁਣ ਦੀ ਮੁਹਿੰਮ ਤੋਂ ਬਾਅਦ ਬੇਘਰ ਹੋਏ ਗ਼ਰੀਬ ਲੋਕਾਂ ਪ੍ਰਤੀ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਆਰਥਿਕ ਤੌਰ ‘ਤੇ ਕਮਜ਼ੋਰ ਸਾਰੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਜਲੰਧਰ ਵਿੱਚ ਉੱਚ-ਸ਼੍ਰੇਣੀ ਦੇ ਘਰ ਬਣਾ ਕੇ ਦੇਣ ਦਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ,’ਆਪ’ ਪੰਜਾਬ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਅਤੇ ‘ਆਪ’ ਦੇ ਸੀਨੀਅਰ ਬੁਲਾਰੇ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਪ੍ਰੋ: ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਇਹ ਮੁਹਿੰਮ ਸਿਰਫ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਹੀ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਆਪ’ ਗਰੀਬ ਲੋਕਾਂ ਦੀ ਪਾਰਟੀ ਹੈ ਅਤੇ ਇਨ੍ਹਾਂ ਲੋਕਾਂ ਨਾਲ ਹੋਏ ਧੋਖੇ ਲਈ ਪਹਿਲੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਅਤੇ ਮਾਫੀਆ ਪੱਖੀ ਨੀਤੀਆਂ ਕਸੂਰਵਾਰ ਹਨ।  ‘ਆਪ’ ਆਗੂਆਂ ਨੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਸੂਬਾ ਸਰਕਾਰ ਵਿਰੁੱਧ ਘਟੀਆ ਮੁਹਿੰਮ ਚਲਾਉਣ ਲਈ ਵਿਰੋਧੀ ਧਿਰਾਂ ‘ਤੇ ਹਮਲਾ ਕੀਤਾ ਅਤੇ ਕਿਹਾ ਕਿ ਇਸ ਹਾਲਾਤ ਲਈ ਉਨ੍ਹਾਂ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ ਜੋ ਇਸ ਮੁੱਦੇ ਦਾ ਪਿਛਲੇ ਕਈ ਸਾਲਾਂ ਤੋਂ ਠੋਸ ਹੱਲ ਲੱਭਣ ‘ਚ ਬੁਰੀ ਤਰ੍ਹਾਂ ਨਾਕਾਮ ਰਹੀਆਂ। ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੋ: ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਇਹ ਮਕਾਨ ਸਰਕਾਰੀ ਜ਼ਮੀਨ ‘ਤੇ ਬਣਾਏ ਗਏ ਸਨ ਅਤੇ ਸੁਪਰੀਮ ਕੋਰਟ ਨੇ ਟਰੱਸਟ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ। ਇਸ ਤੋਂ ਇਲਾਵਾ ਇਸ ਮਾਮਲੇ ‘ਚ ਟਰੱਸਟ ਦੇ ਖਿਲਾਫ ਅਦਾਲਤ ਦੀ ਮਾਣਹਾਨੀ ਦਾ ਕੇਸ ਵੀ ਚੱਲ ਰਿਹਾ ਸੀ, ਜਿਸ ਕਾਰਨ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਨੇ ਇਸ ਬਾਰੇ ਸੁਪਰੀਮ ਕੋਰਟ ‘ਚ ਸਟੇਟਸ ਰਿਪੋਰਟ ਪੇਸ਼ ਕੀਤੀ । ਉਨ੍ਹਾਂ ਭਰੋਸਾ ਦਿੱਤਾ ਕਿ ਪਿਛਲੀਆਂ ਸਰਕਾਰਾਂ ਦੀਆਂ ਘਟੀਆ ਨੀਤੀਆਂ ਦੇ ਉਲਟ ‘ਆਪ’ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਮਾਨ ਸਰਕਾਰ ਪ੍ਰਭਾਵਿਤ ਗਰੀਬ ਪਰਿਵਾਰਾਂ ਨੂੰ ਉੱਚ ਦਰਜੇ ਦੇ ਘਰ ਮੁਹੱਈਆ ਕਰਾਏਗੀ। ਪ੍ਰੋ. ਸੰਘੇੜਾ ਨੇ ਕਿਹਾ ਕਿ ਪ੍ਰਭਾਵਿਤ ਗਰੀਬ ਪਰਿਵਾਰਾਂ ਦਾ ਤੁਰੰਤ ਮੁੜ ਵਸੇਬਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਹੁਕਮ ਦਿੱਤੇ ਹਨ ਅਤੇ ਇਸ ਸੰਬੰਧ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਸ ਮੁਹਿੰਮ ‘ਚ ਪ੍ਰਭਾਵਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਰੇਕ ਪਰਿਵਾਰ ਨੂੰ ਜਲਦ ਹੀ ਜਲੰਧਰ ਵਿੱਚ ਇੱਕ ਰਸੋਈ, ਇੱਕ ਬਾਥਰੂਮ ਅਤੇ ਦੋ ਕਮਰਿਆਂ ਵਾਲਾ ਮਕਾਨ ਦਿੱਤਾ ਜਾਵੇਗਾ।  ਵਿਧਾਇਕ ਸ਼ੀਤਲ ਅੰਗੁਰਾਲ ਨੇ ਵਿਰੋਧੀ ਧਿਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ‘ਆਪ’ ਗਰੀਬ ਲੋਕਾਂ ਦੀ ਸਰਕਾਰ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।

Leave a Reply

Your email address will not be published. Required fields are marked *