ਪੰਜਾਬ ਸਰਕਾਰ ਵੱਲੋਂ ਨਵੀਂ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਦਾ ਮੁੱਖ ਮਕਸਦ ਵੱਖ-ਵੱਖ ਮੁੱਦਿਆ ਨੂੰ ਹੱਲ ਕਰਨਗੇ। ਦੱਸ ਦਈਏ ਕਿ ਇਸ ਕਮੇਟੀ ਦਾ ਗਠਨ ਮੁੱਖ ਮਤੰਰੀ ਦਾ ਬੋਝ ਘਟਾਉਣ ਦੀ ਕਵਾਇਦ ਹੇਠ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਨਵੀਂ ਬਣੀ ਸਬ ਕਮੇਟੀ ਵੱਲੋਂ ਐਸਸੀ ਅਤੇ ਬੀਸੀ ਨਾਲ ਸਬੰਧਿਤ ਮਾਮਲੇ, ਜ਼ਮੀਨੀ ਵਿਵਾਦ ਜਾਂ ਜੀਓਜੀ ਦੇ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਹਿਲਾਂ ਇਹ ਸਬ ਕਮੇਟੀ ਸਬੰਧਿਤ ਮਸਲੇ ਨੂੰ ਸੁਣੇਗੀ। ਸਬ ਕਮੇਟੀ ਵੱਲੋਂ ਰਿਪੋਰਟ ਸੌਂਪਣ ਤੋਂ ਬਾਅਦ ਮੁੱਖ ਮੰਤਰੀ ਵਿਚਾਰ ਕਰਨਗੇ। ਖੈਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਕਮੇਟੀ ਵੱਲੋਂ ਕਿੰਨੇ ਮਸਲੇ ਹੱਲ ਹੁੰਦੇ ਹਨ। ਪੰਜਾਬ ਵਿੱਚ ਪਹਿਲਾਂ ਹੀ ਕਾਨੂੰਨ ਦੀ ਵਿਵਸਥਾ ਡਾਵਾਡੋਲ ਚੱਲ ਰਹੀ ਹੈ। ਦਿਨੋਂ ਦਿਨ ਵੱਧ ਰਹੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਕਾਰਨ ਲੋਕ ਸਹਿਮੇ ਹੋਏ ਹਨ। ਦੂਜੇ ਪਾਸੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਅਤੇ ਕੱਚੇ ਕਾਮਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੋ ਸਰਕਾਰ ’ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾ ਰਹੇ ਹਨ।