ਵਿਦੇਸ਼ ਤੋਂ 2 ਪਾਲਤੂ ਜਾਨਵਰਾਂ ਨੂੰ ਜਹਾਜ਼ ‘ਚ ਲਿਆਉਣ ਦੀ ਖੁੱਲ੍ਹ, ਨਹੀਂ ਲੈਣੀ ਪਵੇਗੀ ਮਨਜ਼ੂਰੀ

ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣਾ ਟਿਕਾਣਾ ਭਾਰਤ ਵਿਚ ਤਬਦੀਲ ਕਰਨ ਸਮੇਂ ਦੋ ਪਾਲਤੂ ਜਾਨਵਰਾਂ ਨੂੰ ਜਹਾਜ਼ ਵਿਚ ਲੈ ਕੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਫ.ਟੀ.) ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ। ਵਣਜ ਮੰਤਰਾਲੇ ਦੇ ਅਧੀਨ ਗਠਿਤ ਡੀਜੀਐਫਟੀ ਨੇ ਵਿਦੇਸ਼ਾਂ ਤੋਂ ਪਾਲਤੂ ਜਾਨਵਰਾਂ ਨੂੰ ਲਿਆਉਣ ਬਾਰੇ ਇਹ ਸਪੱਸ਼ਟੀਕਰਨ ਦਿੱਤਾ ਹੈ। ਇਹ ਨੋਟਿਸ ਸਾਰੀਆਂ ਅੰਤਰਰਾਸ਼ਟਰੀ ਏਅਰਲਾਈਨਾਂ, ਭਾਰਤੀ ਦੂਤਾਵਾਸਾਂ ਅਤੇ ਵਿਦੇਸ਼ਾਂ ਵਿੱਚ ਕੌਂਸਲੇਟਾਂ ਨੂੰ ਜਾਰੀ ਕੀਤਾ ਗਿਆ ਹੈ। ਡੀਜੀਐਫਟੀ ਨੇ ਇਸ ਨੋਟਿਸ ਵਿਚ ਕਿਹਾ ਹੈ ਕਿ ਵਿਦੇਸ਼ਾਂ ਤੋਂ ਭਾਰਤ ਵਿੱਚ ਸੈਟਲ ਹੋਣ ਲਈ ਆਉਣ ਵਾਲੇ ਲੋਕ ਸਾਮਾਨ ਦੇ ਰੂਪ ਵਿੱਚ ਹਵਾਈ ਜਹਾਜ਼ ਵਿੱਚ ਆਪਣੇ ਨਾਲ ਵੱਧ ਤੋਂ ਵੱਧ ਦੋ ਪਾਲਤੂ ਜਾਨਵਰ – ਕੁੱਤਾ ਜਾਂ ਬਿੱਲੀ ਲਿਆ ਸਕਦੇ ਹਨ। ਇਹ ਛੋਟ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲੇਗੀ ਜੋ ਲਗਾਤਾਰ ਦੋ ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਹੇ ਹਨ। ਹਾਲਾਂਕਿ, ਜੇਕਰ ਕੋਈ ਵਿਅਕਤੀ ਦੋ ਤੋਂ ਵੱਧ ਪਾਲਤੂ ਜਾਨਵਰਾਂ ਨੂੰ ਭਾਰਤ ਲਿਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਡੀਜੀਐਫਟੀ ਤੋਂ ਪਹਿਲਾਂ ਤੋਂ ਇਜਾਜ਼ਤ ਲੈਣੀ ਪਵੇਗੀ। ਇਸ ਤੋਂ ਇਲਾਵਾ ਜਿਹੜੇ ਲੋਕ ਦੋ ਸਾਲ ਤੱਕ ਵਿਦੇਸ਼ ਵਿੱਚ ਰਹਿਣ ਦੀ ਸ਼ਰਤ ਪੂਰੀ ਨਹੀਂ ਕਰਦੇ, ਉਨ੍ਹਾਂ ਨੂੰ ਦੋ ਪਾਲਤੂ ਜਾਨਵਰ ਲਿਆਉਣ ਲਈ ਵੀ ਡੀਜੀਐਫਟੀ ਤੋਂ ਮਨਜ਼ੂਰੀ ਲੈਣੀ ਪਵੇਗੀ। ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਪਾਲਤੂ ਜਾਨਵਰਾਂ ਨੂੰ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ ਰਾਹੀਂ ਹੀ ਆਯਾਤ ਕੀਤਾ ਜਾ ਸਕਦਾ ਹੈ। ਇਸ ਦੇ ਲਈ ਦਿੱਲੀ, ਮੁੰਬਈ, ਚੇਨਈ, ਹੈਦਰਾਬਾਦ, ਬੈਂਗਲੁਰੂ ਅਤੇ ਕੋਲਕਾਤਾ ਦੀ ਪਛਾਣ ਕੀਤੀ ਗਈ ਹੈ।

Leave a Reply

Your email address will not be published. Required fields are marked *