ਚੀਨ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਤੁਰੰਤ ਰੋਕ ਲਾਉਣ ਦੀ ਮੰਗ; ਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਮੁੱਦਾ

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸੰਸਦ ਵਿੱਚ ਵੱਡੀ ਮੰਗ ਰੱਖੀ ਹੈ। ਚੱਢਾ ਨੇ ਸੰਸਦ ਵਿੱਚ ਸਸਪੈਨਸ਼ਨ ਨੋਟਿਸ ਦਾਖਲ ਕਰਦੇ ਹੋਏ ਚੀਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਉਪਰ ਰੋਕ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀ ਵੀ ਕੋਰੋਨਾ ਵਾਇਰਸ ਨੂੰ ਖਤਰਨਾਕ ਦੱਸ ਰਹੇ ਹਨ ਅਤੇ ਅਜੇ ਹੋਰ ਲੱਖਾਂ ਮੌਤਾਂ ਹੋਣ ਦਾ ਅੰਦੇਸ਼ਾ ਲਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਵੀਰਵਾਰ ਰਾਜਧਾਨੀ ਦਿੱਲੀ ਵਿੱਚ ਇੱਕ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਉਚ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ। ਰਾਘਵ ਚੱਢਾ ਨੇ ਨੋਟਿਸ ਵਿੱਚ ਕਿਹਾ, “ਮੈਂ ਇਸ ਰਾਹੀਂ ਰਾਜਾਂ ਦੀ ਕੌਂਸਲ (ਰਾਜ ਸਭਾ) ਵਿੱਚ ਕਾਰਜਪ੍ਰਣਾਲੀ ਅਤੇ ਕਾਰੋਬਾਰ ਦੇ ਸੰਚਾਲਨ ਦੇ ਨਿਯਮਾਂ ਦੇ ਨਿਯਮ 267 ਦੇ ਤਹਿਤ ਨੋਟਿਸ ਦਿੰਦਾ ਹਾਂ ਕਿ ਮੈਂ ਪ੍ਰਸ਼ਨ ਕਾਲ ਨੂੰ ਮੁਅੱਤਲ ਕਰਨ ਲਈ ਹੇਠਾਂ ਦਿੱਤੇ ਪ੍ਰਸਤਾਵ ਨੂੰ ਪੇਸ਼ ਕਰਨ ਦੇ ਆਪਣੇ ਇਰਾਦੇ ਨੂੰ ਪੇਸ਼ ਕਰਦਾ ਹਾਂ। 22 ਦਸੰਬਰ 2022: “ਕਿ ਰਾਜ ਸਭਾ ਵਿੱਚ ਕਾਰਜਪ੍ਰਣਾਲੀ ਅਤੇ ਕਾਰੋਬਾਰ ਦੇ ਨਿਯਮਾਂ ਦੇ ਨਿਯਮ 267 ਦੀ ਪਾਲਣਾ ਕਰਦੇ ਹੋਏ, ਇਹ ਸਦਨ ਚੀਨ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਅਤੇ ਭਾਰਤ ਉੱਤੇ ਪ੍ਰਭਾਵ ਬਾਰੇ ਚਰਚਾ ਲਈ ਆਪਣੀ ਅਰਜ਼ੀ ਵਿੱਚ ਉਕਤ ਨਿਯਮ ਦੇ ਨਿਯਮ 38 ਨੂੰ ਮੁਅੱਤਲ ਕਰਦਾ ਹੈ।” ਰਾਘਵ ਚੱਢਾ ਨੇ ਸਸਪੈਨਸ਼ਨ ਨੋਟਿਸ ਦਾਖਲ ਕਰਦੇ ਹੋਏ ਚੀਨ ਤੋਂ ਭਾਰਤ ਆਉਣ ਵਾਲੀਆਂ ਉਡਾਣਾਂ ਉਪਰ ਰੋਕ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਚੀਨ ਵਿੱਚ ਜਿਵੇਂ ਕੋਰੋਨਾ ਵਾਇਰਸ ਫੈਲਿਆ ਹੈ, ਉਸਤੋਂ ਭਾਰਤ ਨੂੰ ਵੀ ਖਤਰਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ “ਆਉਣ ਵਾਲੇ ਖਤਰੇ” ‘ਤੇ ਚਰਚਾ ਅਤੇ ਇਸ ਨਾਲ ਨਜਿੱਠਣ ਲਈ ਸਰਕਾਰ ਦੀ ਤਿਆਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਮਹਾਂਮਾਰੀ ਦਾ ਪ੍ਰਬੰਧਨ ਕਰਨਾ ਕੇਂਦਰ ਅਤੇ ਰਾਜ ਸਰਕਾਰਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ।

Leave a Reply

Your email address will not be published. Required fields are marked *