ਪੰਜਾਬ ਵਿਚ ਅਜਿਹੇ ਕਈ ਟੋਲ ਪਲਾਜ਼ੇ ਸਨ ਜੋ ਕਿ ਪੰਜਾਬੀਆਂ ਨੂੰ ਲੁੱਟਦੇ ਸਨ ਤੇ ਉਹਨਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਕੰਜ਼ਾ ਵੀ ਕੱਸਿਆ ਹੈ ਤੇ ਕਈ ਟੋਲ ਪਲਾਜ਼ੇ ਬੰਦ ਵੀ ਕਰਵਾ ਦਿੱਤੇ ਹਨ। ਹੁਣ ਫਿਰ ਮਾਨ ਸਰਕਾਰ ਇਕ ਵੱਡਾ ਐਕਸ਼ਨ ਲੈਣ ਜਾ ਰਹੀ ਹੈ। ਹੁਣ 15 ਸਾਲਾਂ ਬਾਅਦ ਲੋਕਾਂ ਨੂੰ ਇਕ ਹੋਰ ਟੋਲ ਪਲਾਜ਼ਾ ਤੋਂ ਮੁਕਤੀ ਮਿਲੇਗੀ ਕਿਉਂਕਿ 2005 ਦੌਰਾਨ ਸਟੇਟ ਹਾਈਵੇਅ ਨੰਬਰ-10 ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੁਪਕੀ ਨੇੜੇ ਲਗਾਏ ਗਏ ਟੋਲ-ਪਲਾਜ਼ੇ ਦੀ ਮਿਆਦ ਪਹਿਲਾਂ 31 ਮਾਰਚ 2022 ਨੂੰ ਖ਼ਤਮ ਹੋ ਗਈ ਸੀ। ਫਿਰ ਰੋਹਨ ਐਂਡ ਰਾਜਦੀਪ ਟੋਲ ਕੰਪਨੀ ਨੇ ਸੜਕ ਦਾ ਕੁਝ ਹਿੱਸਾ ਨਵਾਂ ਬਣਾਉਣ ਬਦਲੇ ਮਿਆਦ ’ਚ ਵਾਧਾ ਮਿਲ ਗਿਆ ਸੀ। ਇਸ ਦਰਮਿਆਨ ਟੋਲ-ਪਲਾਜ਼ੇ ਦੀ ਮਿਆਦ ਖ਼ਤਮ ਹੋਣ ਅਤੇ ਮਾਣਯੋਗ ਅਦਾਲਤ ਵੱਲੋਂ ਕੋਈ ਹੁਕਮ ਨਾ ਮਿਲਣ ਦੇ ਬਾਵਜੂਦ ਟੋਲ ਪਰਚੀ ਕੱਟ ਕੇ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਇਸ ਸਬੰਧੀ ਕੋਈ ਵੀ ਅਧਿਕਾਰੀ ਸੁਣਵਾਈ ਕਰਨ ਲਈ ਤਿਆਰ ਨਜ਼ਰ ਨਹੀਂ ਆ ਰਿਹਾ ਹੈ। ਪਟਿਆਲਾ ਫੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਪਸਿਆਣਾ-ਸਮਾਣਾ ਰੋਡ ਤੋਂ ਲੰਘਣ ਵਾਲੇ ਵਾਹਨਾਂ ਨੂੰ ਜਲਦ ਹੀ ਟੋਲ ਤੋਂ ਮੁਕਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 23 ਅਕਤੂਬਰ 2022 ਨੂੰ ਟੋਲ ਦੀ ਮੁੜ ਤੋਂ ਮਿਆਦ ਪੂਰੀ ਹੋ ਚੁੱਕੀ ਹੈ, ਜਿਸ ਉਪਰੰਤ ਟੋਲ ਕੰਪਨੀ ਨੇ ਮਾਣਯੋਗ ਅਦਾਲਤ ’ਚ ਹੋਰ ਵਾਧੇ ਲਈ ਮੰਗ ਕੀਤੀ ਹੈ ਪਰ ਲੋਕ ਨਿਰਮਾਣ ਵਿਭਾਗ ਨੇ ਅਦਾਲਤ ਨੂੰ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਦੋਂ ਤੱਕ ਟੋਲ ਦੀ ਮਿਆਦ ਨਹੀਂ ਵਧਦੀ, ਉਦੋਂ ਤੱਕ ਟੋਲ-ਪਲਾਜ਼ੇ ਤੋਂ ਇਕੱਠੀ ਹੋਣ ਵਾਲੀ ਰਕਮ ਸਰਕਾਰ ਦੇ ਖਜ਼ਾਨੇ ’ਚ ਜਾਵੇਗੀ। ਹੁਣ ਟੋਲ ਕੰਪਨੀ ਵੱਲੋਂ ਇਕੱਤਰ ਹੋਣ ਵਾਲੀ ਰਕਮ ਸਰਕਾਰ ਦੇ ਖਾਤੇ ’ਚ ਜਾਣੀ ਸ਼ੁਰੂ ਹੋ ਗਈ ਹੈ।