ਨਵੇਂ ਸਾਲ ‘ਤੇ ਪੰਜਾਬ ‘ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼, ਖੁਫ਼ੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਪੰਜਾਬ ‘ਚ ਇਕ ਵਾਰ ਫਿਰ ਤੋਂ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਹੈ। ਖੁਫੀਆ ਏਜੰਸੀਆਂ ਨੇ ਵੀਰਵਾਰ ਨੂੰ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਏਜੰਸੀਆਂ ਮੁਤਾਬਕ ਇਹ ਸਾਜ਼ਿਸ਼ ਹਮੇਸ਼ਾ ਵਾਂਗ ਸਰਹੱਦ ਪਾਰੋਂ ਪਾਕਿਸਤਾਨ ਤੋਂ ਰਚੀ ਜਾ ਰਹੀ ਹੈ। ਇਹ ਹਮਲਾ ਨਵੇਂ ਸਾਲ ਦੇ ਮੌਕੇ ‘ਤੇ ਹੋ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਖੁਫੀਆ ਏਜੰਸੀਆਂ ਨੇ ਵੱਡੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕਰਦੇ ਹੋਏ ਕਿਹਾ, ‘ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੇ ਕੁਝ ਅੱਤਵਾਦੀ ਪੰਜਾਬ ‘ਚ ਮੌਜੂਦ ਹਨ। ਇਸ ਦੇ ਨਾਲ ਹੀ ਇੱਥੇ ਇੱਕ ਸਲੀਪਰ ਸੈੱਲ ਮਾਡਿਊਲ ਵੀ ਮੌਜੂਦ ਹੈ, ਜੋ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਦੇ ਲਈ ਮੁਹਾਲੀ ਦੇ ਇੱਕ ਥਾਣੇ ਦੀ ਰੇਕੀ ਕੀਤੀ ਗਈ ਹੈ। ਪੁਲਿਸ ਸਟੇਸ਼ਨ ‘ਤੇ ਆਰਪੀਜੀ ਨਾਲ ਹਮਲਾ ਕਰਨ ਦੀ ਵੀ ਸਾਜ਼ਿਸ਼ ਰਚੀ ਜਾ ਰਹੀ ਹੈ। ਏਜੰਸੀਆਂ ਨੇ ਪਹਿਲਾਂ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ “ਰਾਜ ਵਿੱਚ ਹਮਲੇ ਕਰਨ ਲਈ ਪਾਕਿਸਤਾਨ ਤੋਂ ਚਾਰ ਤੋਂ ਪੰਜ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਭੇਜੇ ਗਏ ਸਨ”। ਇਨ੍ਹਾਂ ਵਿੱਚੋਂ 9 ਮਈ 2022 ਦੀ ਰਾਤ ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਨਾਲ ਹਮਲਾ ਕੀਤਾ ਗਿਆ ਸੀ। ਤਰਨਤਾਰਨ ਦੇ ਸਰਹਾਲੀ ‘ਚ ਹਾਲ ਹੀ ‘ਚ ਇਕ ਹੋਰ ਵਾਰਦਾਤ ਹੋਈ ਹੈ, ਉਥੇ ਮੰਗਲਵਾਰ ਨੂੰ ਅੱਤਵਾਦੀ ਲਖਬੀਰ ਲੰਡਾ ਦੇ ਇਕ ਸਬ-ਮੌਡਿਊਲ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਤਿੰਨ ਗੁਰਗਿਆਂ ਕੋਲੋਂ ਇਕ ਆਰ.ਪੀ.ਜੀ. ਬਰਾਮਦ ਕਰ ਲਿਆ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਅਜੇ ਵੀ ਇਕ ਜਾਂ ਦੋ ਆਰਪੀਜੀ ਕਿਤੇ ਲੁਕੋ ਕੇ ਰੱਖੇ ਹੋਏ ਹਨ, ਜਿਸ ਕਾਰਨ ਹਮਲੇ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਪਹਿਲਾਂ ਖੁਫੀਆ ਏਜੰਸੀਆਂ ਨੇ ਜੰਮੂ-ਕਸ਼ਮੀਰ ‘ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਵੱਡੀ ਸਾਜ਼ਿਸ਼ ਦਾ ਖੁਲਾਸਾ ਕੀਤਾ ਸੀ। ਖੁਫੀਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਸੀ ਕਿ ਸਥਾਨਕ ਨੇਤਾ, ਸਾਬਕਾ ਫੌਜੀ, ਗੈਰ-ਕਸ਼ਮੀਰੀ, ਸਰਕਾਰੀ ਵਾਹਨ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਦੇ ਲਈ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ ਪਾਕਿਸਤਾਨੀ ਵੀ ਹੋ ਸਕਦੇ ਹਨ।

Leave a Reply

Your email address will not be published. Required fields are marked *