ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਅੰਤਿਮ ਸਫਰ ਦੌਰਾਨ ਉਹ ਮਾਂ ਦੀ ਮ੍ਰਿਤਕ ਦੇਹ ਮੋਢੇ ‘ਤੇ ਲੈ ਕੇ ਗਾਂਧੀ ਨਗਰ ਸਥਿਤ ਘਰ ਤੋਂ ਨਿਕਲੇ। ਯਾਤਰਾ ਦੌਰਾਨ ਉਹ ਸ਼ਵ ਵਾਹਨ ਵਿਚ ਹੀ ਮ੍ਰਿਤਕ ਦੇਹ ਦੇ ਨੇੜੇ ਬੈਠੇ ਰਹੇ। ਹੀਰਾਬੇਨ ਦਾ ਅੱਜ ਸਵੇਰੇ 3.30 ਵਜੇ ਯੂਐੱਨ ਮਹਿਤਾ ਹਸਪਤਾਲ ਵਿਚ ਦੇਹਾਂਤ ਹੋਇਆ। ਉਹ 100 ਸਾਲ ਦੇ ਸਨ। ਹੀਰਾਬੇਨ ਨੇ ਅਹਿਮਦਾਬਾਦ ਦੇ ਯੂਐੱਨ ਮਹਿਤਾ ਇੰਸਟੀਚਿਊਟ ਆਫ ਕਾਰਡੀਓਲਾਜੀ ਐਂਡ ਰਿਸਰਚ ਸੈਂਟਰ ਵਿਚ ਤੜਕੇ 3.30 ਵਜੇ ਆਖਰੀ ਸਾਹ ਲਏ। ਮੰਗਲਵਾਰ ਦੇਰ ਰਾਤ ਸਾਹ ਲੈਣ ਵਿਚ ਤਕਲੀਫ ਹੋਣ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਨੂੰ ਕੱਫ ਦੀ ਸ਼ਿਕਾਇਤ ਵੀ ਸੀ। PM ਮੋਦੀ ਨੇ ਟਵੀਟ ਕਰਕੇ ਮਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਸਵੇਰੇ 6 ਵਜ ਕੇ 2 ਮਿੰਟ ‘ਤੇ ਉਨ੍ਹਾਂ ਨੇ ਲਿਖਿਆ-ਸ਼ਾਨਦਾਰ ਸ਼ਤਾਬਦੀ ਦਾ ਈਸ਼ਵਰ ਦੇ ਚਰਨਾਂ ਵਿਚ ਵਿਰਾਮ। ਮਾਂ ਵਿਚ ਮੈਂ ਹਮੇਸ਼ਾ ਉਸ ਤ੍ਰਿਮੂਰਤੀ ਦੀ ਅਨੁਭੂਤੀ ਕੀਤੀ ਹੈ ਜਿਸ ਵਿਚ ਇਕ ਤਪੱਸਵੀ ਦੀ ਯਾਤਰਾ, ਨਿਰਸੁਆਰਥ ਕਰਮਯੋਗੀ ਦਾ ਪ੍ਰਤੀਕ ਤੇ ਮੁੱਲਾਂ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਹੈ। ਉਨ੍ਹਾਂ ਅੱਗੇ ਲਿਖਿਆ ਮੈਂ ਜਦੋਂ ਉਨ੍ਹਾਂ ਨੂੰ 100ਵੇਂ ਜਨਮ ਦਿਨ ‘ਤੇ ਮਿਲਿਆ ਤਾਂ ਉਨ੍ਹਾਂ ਨੇ ਇਕ ਗੱਲ ਕਹੀ ਸੀ, ਜੋ ਹਮੇਸ਼ਾ ਯਾਦ ਰਹਿੰਦੀ ਹੈ ਕਿ ਕੰਮ ਕਰੋ ਬੁੱਧੀ ਨਾਲ ਤੇ ਜੀਵਨ ਜਿਓ ਸ਼ੁੱਧੀ ਨਾਲ। ਹੀਰਾਬੇਨ ਨੇ ਜੂਨ ਵਿਚ ਹੀ ਆਪਣਾ 99ਵਾਂ ਜਨਮਦਿਨ ਮਨਾਇਆ ਸੀ। ਪ੍ਰਧਾਨ ਮੰਤਰੀ ਮੋਦੀ ਉੁਸ ਸਮੇਂ ਉਨ੍ਹਾਂ ਨੂੰ ਮਿਲਣ ਆਏ ਸਨ। ਉਸ ਦੌਰਾਨ PM ਮੋਦੀ ਨੇ ਹੀਰਾਬੇਨ ਦੇ ਪੈਰ ਧੋ ਕੇ ਪਾਣੀ ਆਪਣੀਆਂ ਅੱਖਾਂ ਨਾਲ ਲਗਾਇਆ ਸੀ।