ਪੰਜਾਬ ਵਿਚ ਗ਼ੈਰ ਸਮਾਜਿਕ ਅਨਸਰ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕਤਲ, ਲੁੱਟ-ਖੋਹ ਤੇ ਹੋਰ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਮਨ ਐਵੇਨਿਊ ਦਾ ਹੈ ਜਿਥੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੋਲੀਆਂ ਚਲਾਉਣ ਵਾਲੇ ਲੋਕਾਂ ਉਪਰ ਰੰਜ਼ਿਸ਼ ਤਹਿਤ ਕਤਲ ਦੇ ਇਲਜ਼ਾਮ ਲਗਾਏ ਹਨ। ਪਰਿਵਾਰ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਦਾ ਬੇਟਾ ਰਾਹੁਲ ਅਮਨ ਐਵਨਿਊ ਨਜ਼ਦੀਕ ਪੁੱਜਿਆ ਤਾਂ ਭੱਟੀ ਨਾਮਕ ਵਿਅਕਤੀ ਨੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਇਸੇ ਤਹਿਤ ਭੱਟੀ ਵੱਲੋਂ ਉਨ੍ਹਾਂ ਦੇ ਬੇਟੇ ਰਾਹੁਲ ਉੱਤੇ ਗੋਲੀ ਚਲਾਈ ਗਈ। ਰਾਹੁਲ ਦੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਰਾਹੁਲ ਦੇ ਜੀਜੇ ਗੌਰਵ ਨੇ ਦੱਸਿਆ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਭੱਟੀ ਨਾਂ ਦੇ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਹੁਲ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਉੱਥੇ ਸਜਾਵਟ ਦਾ ਸਾਮਾਨ ਲੈਣ ਗਿਆ ਸੀ ਤੇ ਭੱਟੀ ਨੇ ਕਿਹਾ ਕਿ ਉਨ੍ਹਾਂ ਦੀ ਗਲੀ ‘ਚ ਵੀ ਖੜ੍ਹੇ ਨਹੀਂ ਹੋ ਸਕਦੇ ਜਿਸ ਮਗਰੋਂ ਪਹਿਲਾਂ ਰਾਹੁਲ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ 2 ਗੋਲੀਆਂ ਮਾਰ ਦਿੱਤੀਆਂ। ਇਸ ਨਾਲ ਰਾਹੁਲ ਦੀ ਮੌਤ ਹੋ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਪੀੜਤ ਪਰਿਵਾਰ ਨੇ ਮੁਲਜ਼ਮਾਂ ਉੱਤੇ ਮਕਾਨ ਹੜਪਣ ਦੇ ਇਲਜ਼ਾਮ ਵੀ ਲਾਏ। ਦੂਜੇ ਪਾਸੇ ਇਸ ਮਾਮਲੇ ਵਿੱਚ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਅਤੇ ਇਸ ‘ਚ ਇਕ ਨੌਜਵਾਨ ਦੀ ਮੌਤ ਹੋਈ ਹੈ। ਪਰਿਵਾਰ ਵੱਲੋਂ ਬਿਆਨ ਨਹੀ ਆਏ ਪਰ ਪੁਲਿਸ ਵੱਲੋਂ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪਰਿਵਾਰ ਵੱਲੋਂ ਜੋ ਬਿਆਨ ਦਿੱਤੇ ਜਾਣਗੇ, ਉਸ ਮਗਰੋਂ ਕਾਰਵਾਈ ਕੀਤੀ ਜਾਵੇਗੀ।