ਪ੍ਰਤਿਭਾ ਕਿਸੇ ਹਾਲਾਤ ਦੀ ਮੋਹਤਾਜ਼ ਨਹੀਂ ਹੁੰਦੀ। ਸਥਿਤੀ ਭਾਵੇਂ ਕੋਈ ਵੀ ਹੋਵੇ, ਪ੍ਰਤਿਭਾ ਨਿੱਖਰ ਕੇ ਸਾਹਮਣੇ ਆ ਹੀ ਜਾਂਦੀ ਹੈ। ਪਰ ਕਈ ਵਾਰ ਆਰਥਿਕ ਹਾਲਾਤ ਕਾਰਨ ਇਹ ਆਪਣੀ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੀ ਹੈ। ਅਜਿਹੀ ਹੀ ਕਹਾਣੀ ਬਿਹਾਰ ਦੇ ਮੁਜ਼ੱਫਰਪੁਰ ਦੇ ਸਰਾਇਆ ਇਬਰਾਹਿਮਪੁਰ ਦੀ ਰਹਿਣ ਵਾਲੀ ਨੀਲੂ ਦੀ ਹੈ। ਉਹ ਰਾਸ਼ਟਰੀ ਪੱਧਰ ‘ਤੇ ਖੇਡ ਚੁੱਕੀ ਹੈ ਪਰ ਹਾਲਾਤਾਂ ਦੇ ਸਾਹਮਣੇ ਨੀਲੂ ਦਾ ਹੌਂਸਲਾ ਹੁਣ ਪਸਤ ਹੁੰਦਾ ਜਾ ਰਿਹਾ ਹੈ। ਬੀਏ ਵਿੱਚ ਪੜ੍ਹ ਰਹੀ ਨੀਲੂ 2015 ਤੋਂ ਰਗਬੀ ਦੀ ਖਿਡਾਰਨ ਹੈ। ਨੀਲੂ ਹੁਣ ਤੱਕ ਦਰਜਨਾਂ ਐਵਾਰਡ ਜਿੱਤ ਚੁੱਕੀ ਹੈ। ਨੀਲੂ ਨੇ 2019 ਵਿੱਚ ਪਹਿਲੀ ਵਾਰ ਰਾਸ਼ਟਰੀ ਪੱਧਰ ‘ਤੇ ਰਗਬੀ ਖੇਡੀ। ਫਿਰ ਉਸ ਨੂੰ ਖੇਡ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਸ ਨੂੰ 11 ਹਜ਼ਾਰ ਦਾ ਨਕਦ ਇਨਾਮ ਵੀ ਮਿਲਿਆ, ਦੂਜੀ ਵਾਰ ਉਸ ਨੇ ਮਦੁਰਾਈ ਵਿੱਚ ਤੀਜਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਕਈ ਦਰਜਨ ਵਾਰ ਐਵਾਰਡ ਜਿੱਤ ਚੁੱਕੀ ਨੀਲੂ ਆਰਥਿਕ ਤੰਗੀ ਦੀ ਮਾਰ ਝੱਲ ਰਹੀ ਹੈ। ਨੀਲੂ ਦੇ ਪਿਤਾ ਨਹੀਂ ਹਨ। ਨੀਲੂ ਕੋਲ ਨਾ ਤਾਂ ਚੰਗੇ ਜੁੱਤੇ ਹਨ ਅਤੇ ਨਾ ਹੀ ਸਹੀ ਖੁਰਾਕ। ਕਈ ਵਾਰ ਨੀਲੂ ਦੁੱਧ ਨਾ ਮਿਲਣ ਕਾਰਨ ਮੰਡ (ਚਾਵਲ ਦਾ ਪਾਣੀ) ਪੀ ਕੇ ਖੇਡ ਚੁੱਕੀ ਹੈ। ਇਸ ਦੇ ਨਾਲ ਹੀ ਨੀਲੂ ਨੇ ਜੁੱਤੇ ਲਈ ਪੈਸੇ ਨਾ ਹੋਣ ਕਾਰਨ ਸ਼ੁਰੂ ਵਿੱਚ ਆਪਣੀਆਂ ਕਿਤਾਬਾਂ ਵੇਚ ਦਿੱਤੀਆਂ। ਫਿਰ ਵੀ ਪੈਸੇ ਪੂਰੇ ਨਹੀਂ ਹੋਏ ਸਨ, ਇਸ ਲਈ ਉਹ ਉਧਾਰ ਲਏ ਜੁੱਤੇ ਨਾਲ ਖੇਡੀ ਅਤੇ ਪੁਰਸਕਾਰ ਜਿੱਤਿਆ। ਨੀਲੂ ਅੱਜ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ। ਪੈਸਿਆਂ ਦੀ ਘਾਟ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੀਲੂ ਦੀ ਮਾਂ ਗੀਤਾ ਦੇਵੀ ਨੇ ਦੱਸਿਆ ਕਿ ਬੇਟੀ ਬਹੁਤ ਅੱਗੇ ਵਧਣਾ ਚਾਹੁੰਦੀ ਹੈ, ਪਰ ਵਿੱਤੀ ਤੰਗੀ ਕਾਰਨ ਕੁਝ ਨਹੀਂ ਹੋ ਰਿਹਾ।