ਪੰਜਾਬ ਪੁਲਿਸ ਅਤੇ ਬੀਐਸਐਫ ਨੂੰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਵਿਰੁੱਧ ਵੱਡੀ ਸਫਲਤਾ ਹੱਥ ਲੱਗੀ ਹੈ। ਫਾਜਿਲਕਾ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਅਪ੍ਰੇਸ਼ਨ ਤਹਿਤ 2 ਨਸ਼ਾ ਤਸਕਰਾਂ ਨੂੰ ਕੌਮਾਂਤਰੀ ਸਰਹੱਦ ਨੇੜਿਓਂ 31.02 ਕਿੱਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਫੜੀ ਗਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਪੁਲਿਸ ਅਨੁਸਾਰ 5/6 ਜਨਵਰੀ ਦੀ ਰਾਤ ਦੇ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਬੀਓਪੀ ਚੱਕਮੀਰਾ, 55 ਬੀਐਨ, ਅਬੋਹਰ ਸੈਕਟਰ ਦੇ ਏਓਆਰ ਵਿੱਚ ਸ਼ੱਕੀ ਗਤੀਵਿਧੀ ਨੋਟ ਕੀਤੀ ਅਤੇ ਸ਼ੱਕੀਆਂ ‘ਤੇ ਗੋਲੀਬਾਰੀ ਕੀਤੀ। ਸਰਹੱਦੀ ਵਾੜ ਤੋਂ ਪੈਰਾਂ ਦੇ ਨਿਸ਼ਾਨਾਂ ਤੋਂ ਬਾਅਦ ਅਫਸਰਾਂ ਅਤੇ ਸੈਨਿਕਾਂ ਨੇ ਖੇਤਰ ਦੀ ਘੇਰਾਬੰਦੀ ਕੀਤੀ ਅਤੇ ਸਰਹੱਦੀ ਪਿੰਡ ਤੱਕ ਜਾਣ ਵਾਲੇ ਸਬੂਤਾਂ ਦਾ ਪਿੱਛਾ ਕੀਤਾ। ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਬੂ ਕੀਤੇ ਗਏ 2 ਨਸ਼ਾ ਤਸਕਰ ਸਰਹੱਦ ਪਾਰੋਂ ਨਸ਼ਾ ਖਾਸ ਕਰਕੇ ਹੈਰੋਇਨ ਦੀ ਤਸਕਰੀ ਕਰਦੇ ਸਨ। ਨਸ਼ਾ ਤਸਕਰਾਂ ਵੱਲੋਂ ਇਹ ਹੈਰੋਇਨ ਦੀ ਖੇਪ ਸੰਘਣੀ ਧੁੰਦ ਹੇਠ ਲਿਆਂਦੀ ਗਈ ਸੀ, ਜਿਸ ਨੂੰ ਅੱਗੇ ਪੰਜਾਬ ਵਿੱਚ ਸਪਲਾਈ ਕੀਤਾ ਜਾਣਾ ਸੀ।