ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਰਾਹੁਲ ਗਾਂਧੀ ਨੇ ਸਿਰ ‘ਤੇ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ ਹੈ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਰਾਜਾ ਵੜਿੰਗ ਸਣੇ ਕਈ ਹੋਰ ਵੱਡੇ ਨੇਤਾ ਮੌਜੂਦ ਹਨ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਉਹ ਸ਼੍ਰੀ ਦੁਰਗਿਆਣਾ ਮੰਦਿਰ ਤੇ ਸ਼੍ਰੀ ਰਾਮਤੀਰਥ ਵਿਖੇ ਵੀ ਮੱਥਾ ਟੇਕਣਗੇ ਅਤੇ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਵੀ ਨਮਨ ਕਰਨਗੇ। ਦੱਸ ਦੇਈਏ ਕਿ ਭਾਰਤ ਜੋੜੋ ਯਾਤਰਾ ਅੱਜ ਸ਼ਾਮ ਨੂੰ ਪੰਜਾਬ ਵਿੱਚ ਐਂਟਰੀ ਕਰੇਗੀ। ਪੰਜਾਬ ਵਿਚ ਐਂਟਰੀ ਕਰਦਿਆਂ ਹੀ ਰਾਹੁਲ ਗਾਂਧੀ ਦੀ ਸੁਰੱਖਿਆ ਵੀ ਵਧ ਦਿੱਤੀ ਗਈ ਹੈ। ਉੱਥੇ ਹੀ ਰਾਹੁਲ ਗਾਂਧੀ ਦੀ ਇਸ ਯਾਤਰਾ ਵਿੱਚ ਕੁਝ ਬਦਲਾਅ ਵੀ ਕੀਤੇ ਗਏ ਹਨ। ਇਹ ਯਾਤਰਾ ਪਹਿਲਾ ਸੰਭੂ ਬਾਰਡਰ ਤੋਂ ਨਿਕਲਣੀ ਸੀ, ਪਰ ਹੁਣ 11 ਜਨਵਰੀ ਨੂੰ ਸਰਹਿੰਦ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ।