ਪੰਜਾਬ ਦੇ ਮੋਹਾਲੀ ‘ਚ ਜ਼ੋਮੈਟੋ ਦੇ ਡਿਲੀਵਰੀ ਬੁਆਏ ‘ਤੇ ਲੁਟੇਰਿਆਂ ਨੇ 11 ਵਾਰ ਚਾਕੂ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਤੇ ਉਸ ਕੋਲੋਂ ਨਕਦੀ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਇਹ ਘਟਨਾ ਬੀਤੇ ਐਤਵਾਰ ਦੁਪਹਿਰ 2 ਤੋਂ 2.30 ਵਜੇ ਦਰਮਿਆਨ ਵਾਪਰੀ। ਇਹ ਘਟਨਾ ਥਾਣਾ ਭੌਂਗੀ ਦੇ ਅਧਿਕਾਰ ਖੇਤਰ ਵਿੱਚ ਵਾਪਰੀ। ਦੇਰ ਸ਼ਾਮ ਤੱਕ ਕੋਈ ਵੀ ਪੁਲਿਸ ਅਧਿਕਾਰੀ ਜ਼ਖ਼ਮੀ ਦੇ ਬਿਆਨ ਦਰਜ ਕਰਨ ਲਈ ਚੰਡੀਗੜ੍ਹ ਪੀਜੀਆਈ ਨਹੀਂ ਪੁੱਜਿਆ। ਅਨੂਪ ਨਾਂ ਦੇ ਜ਼ਖਮੀ ਨੌਜਵਾਨ ਦੇ ਭਰਾ ਵਰਿੰਦਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਝਾਮਪੁਰ ਦਾ ਰਹਿਣ ਵਾਲਾ ਹੈ। ਅਨੂਪ ਦੇਰ ਰਾਤ ਕਰੀਬ 2 ਤੋਂ 2.30 ਵਜੇ ਜ਼ੋਮੈਟੋ ਦੀ ਡਿਲੀਵਰੀ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ। ਘਰ ਤੋਂ 500 ਤੋਂ 600 ਮੀਟਰ ਪਹਿਲਾਂ ਖੇਤਾਂ ਦੇ ਕੋਲ ਅਚਾਨਕ 3 ਨੌਜਵਾਨ ਬਾਈਕ ‘ਤੇ ਅਨੂਪ ਦੇ ਸਾਹਮਣੇ ਆ ਗਏ। ਲੁੱਟ ਦੀ ਨੀਅਤ ਨਾਲ ਉਨ੍ਹਾਂ ਨੇ ਅਨੂਪ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਅਨੂਪ ਦੇ ਢਿੱਡ, ਨੱਕ, ਕਮਰ, ਛਾਤੀ ਅਤੇ ਪੱਟ ਦੇ ਕੋਲ ਚਾਕੂ ਮਾਰਿਆ ਗਿਆ ਅਤੇ ਉਹ ਖੇਤਾਂ ਵਿੱਚ ਡਿੱਗ ਪਿਆ। 2 ਤੋਂ 3 ਜ਼ਖ਼ਮ ਬਹੁਤ ਡੂੰਘੇ ਹਨ। ਅਨੂਪ ਦੇ ਫੇਫੜੇ ਵੀ ਪ੍ਰਭਾਵਿਤ ਹੋਏ ਹਨ। ਉਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ 11 ਥਾਵਾਂ ‘ਤੇ ਚਾਕੂ ਮਾਰਿਆ ਗਿਆ। ਵਰਿੰਦਰ ਨੇ ਦੱਸਿਆ ਕਿ ਐਮ.ਐਲ.ਸੀ (ਮੈਡੀਕੋ-ਲੀਗਲ ਕੇਸ) ਪੀ.ਜੀ.ਆਈ. ਵਿਚ ਬਣਿਆ ਹੋਇਆ ਹੈ। ਵਰਿੰਦਰ ਨੇ ਦੱਸਿਆ ਕਿ ਅਨੂਪ ਹੋਸ਼ ਵਿਚ ਹੈ ਅਤੇ ਥੋੜ੍ਹੀ-ਥੋੜ੍ਹੀ ਗੱਲ ਕਰ ਰਿਹਾ ਹੈ। ਅਨੂਪ ਕੋਲ 8 ਤੋਂ 10 ਹਜ਼ਾਰ ਰੁਪਏ ਨਕਦੀ ਸਨ। ਇਸ ਦੇ ਨਾਲ ਹੀ ਉਸ ਦਾ ਮੋਬਾਇਲ ਅਤੇ ਪਾਵਰ ਬੈਂਕ ਵੀ ਉਸ ਦੇ ਨਾਲ ਸੀ। ਹਮਲਾਵਰ ਇਹ ਸਾਰਾ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਅਨੂਪ ਨੇ ਦੱਸਿਆ ਕਿ 2 ਹਮਲਾਵਰਾਂ ਕੋਲ ਚਾਕੂ ਸਨ। ਅਨੂਪ ਰਾਤ ਨੂੰ ਜੁਝਾਰ ਨਗਰ ਸਥਿਤ ਫਾਰਮ ਹਾਊਸ ਤੋਂ ਐਂਟਰੀ ਲੈ ਕੇ ਘਰ ਵੱਲ ਆ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ। ਵਰਿੰਦਰ ਨੇ ਦੱਸਿਆ ਕਿ ਅਨੂਪ ਦਾ ਕਾਫੀ ਖੂਨ ਵਹਿ ਗਿਆ ਸੀ। ਘਟਨਾ ਤੋਂ ਬਾਅਦ ਜਦੋਂ ਹਮਲਾਵਰ ਫ਼ਰਾਰ ਹੋ ਗਏ ਤਾਂ ਖੂਨ ਨਾਲ ਲੱਥਪੱਥ ਅਨੂਪ ਕਰੀਬ ਅੱਧਾ ਘੰਟਾ ਖੇਤਾਂ ਵਿੱਚ ਪਿਆ ਰਿਹਾ। ਫਿਰ ਕਿਸੇ ਤਰ੍ਹਾਂ ਘਰ ਪਹੁੰਚ ਗਿਆ। ਉਸ ਦੌਰਾਨ ਵਰਿੰਦਰ ਡਿਊਟੀ ‘ਤੇ ਸੀ। ਪਤਾ ਲੱਗਦਿਆਂ ਹੀ ਅਨੂਪ ਨੂੰ ਦੋਸਤਾਂ ਦੀ ਮਦਦ ਨਾਲ ਪੀ.ਜੀ.ਆਈ. ਪਹੁੰਚਾਇਆ ਗਿਆ। ਅਨੂਪ ਦੇ ਦੋਸਤ ਅਰਵਿੰਦ ਨੇ ਦੱਸਿਆ ਕਿ ਡੱਡੂਮਾਜਰਾ ਦੇ ਪਿੱਛੇ ਕੁਝ ਖੇਤਰ ਬਹੁਤ ਸੰਵੇਦਨਸ਼ੀਲ ਹਨ। ਅਜਿਹੇ ‘ਚ ਡਿਲੀਵਰੀ ਬੁਆਏ ਲਈ ਰਾਤ ਨੂੰ ਡਿਲੀਵਰੀ ਕਰਨਾ ਬਹੁਤ ਖਤਰਨਾਕ ਹੁੰਦਾ ਹੈ। ਕੰਪਨੀ ਨੂੰ ਇਸ ਖੇਤਰ ਵਿੱਚ ਰਾਤ ਨੂੰ ਡਲਿਵਰੀ ਨਾ ਕਰਨ ਦੀ ਵੀ ਮੰਗ ਕੀਤੀ ਗਈ। ਇੱਥੇ ਕੋਈ ਸੁਰੱਖਿਆ ਨਹੀਂ ਹੈ ਅਤੇ ਡਿਲੀਵਰੀ ਬੁਆਏ ਕੋਲ ਨਕਦੀ ਵੀ ਹੈ। ਟ੍ਰਾਈਸਿਟੀ ਰਾਈਡਰਜ਼ ਵੈਲਫੇਅਰ ਸੋਸਾਇਟੀ ਦੇ ਮੁਖੀ ਸਾਹਿਲ ਕੁਮਾਰ ਨੇ ਕਿਹਾ ਕਿ ਪੁਲਿਸ ਨੂੰ ਰਾਤ ਸਮੇਂ ਖਾਣਾ ਪਹੁੰਚਾਉਣ ਵਾਲੇ ਬਾਈਕ ਸਵਾਰਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਰਾਤ ਸਮੇਂ ਉਨ੍ਹਾਂ ਨਾਲ ਵਧਦੀਆਂ ਅਪਰਾਧਿਕ ਵਾਰਦਾਤਾਂ ਕਾਰਨ ਹੋਰ ਡਲਿਵਰੀ ਬੁਆਇਆਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਖੋਹ ਕਰਨ ਵਾਲੇ ਹੱਥਾਂ ਵਿੱਚ ਚਾਕੂ ਅਤੇ ਹੋਰ ਹਥਿਆਰ ਲੈ ਕੇ ਨਿਕਲਦੇ ਹਨ। ਅਜਿਹੇ ‘ਚ ਕੋਈ ਵੀ ਜਾਨਲੇਵਾ ਹਾਦਸਾ ਵਾਪਰ ਸਕਦਾ ਹੈ।