ਜਬਰ-ਜਨਾਹ ਅਤੇ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਸਕਦਾ ਹੈ । ਡੇਰਾਮੁਖੀ ਵੱਲੋਂ ਹਰਿਆਣਾ ਸਰਕਾਰ ਨੂੰ ਪੈਰੋਲ ਲਈ ਅਰਜੀ ਦਿੱਤੀ ਗਈ ਹੈ । ਫਿਲਹਾਲ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਦੱਸ ਦੇਈਏ ਕਿ ਰਾਮ ਰਹੀਮ ਕੁਝ ਮਹੀਨੇ ਪਹਿਲਾਂ ਹੀ ਪੈਰੋਲ ਪੂਰੀ ਕਰਕੇ ਵਾਪਸ ਜੇਲ੍ਹ ਗਿਆ ਸੀ । ਮਿਲੀ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਦੇ ਦੂਜੇ ਸੰਤ ਸ਼ਾਹ ਸਤਨਾਮ ਮਹਾਰਾਜ ਦੇ ਜਨਮਦਿਨ ‘ਤੇ ਡੇਰੇ ਵਿੱਚ 25 ਜਨਵਰੀ ਨੂੰ ਭੰਡਾਰਾ ਤੇ ਸਤਿਸੰਗ ਆਯੋਜਿਤ ਕੀਤਾ ਜਾਵੇਗਾ । ਇਸ ਵਾਰ ਵੀ ਇੱਕ ਵੱਡੇ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ ਵਿੱਚ ਰਾਮ ਰਹੀਮ ਵੀ ਹਿੱਸਾ ਲੈਣਾ ਚਾਹੁੰਦਾ ਹੈ। ਜਿਸ ਦੇ ਮੱਦੇਨਜ਼ਰ ਉਮੀਦ ਹੈ ਕਿ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਦਰਅਸਲ, 25 ਜਨਵਰੀ ਨੂੰ ਹੋਣ ਵਾਲੇ ਸਤਿਸੰਗ ਅਤੇ ਭੰਡਾਰੇ ਲਈ ਡੇਰਾਮੁਖੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜੀ ਭੇਜ ਕੇ ਸਿਰਸਾ ਜਾਣ ਦੀ ਇਜਾਜ਼ਤ ਮੰਗੀ ਹੈ । ਪੈਰੋਲ ਦੀ ਅਰਜੀ ਦੇਣ ਤੋਂ ਬਾਅਦ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਦੇ ਨਜ਼ਰੀਏ ਤੋਂ ਵਿਚਾਰ ਕਰ ਰਿਹਾ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਦਿਨ ਦੇ ਲਈ ਡੇਰਾ ਮੁਖੀ ਨੂੰ ਸਿਰਸਾ ਆਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਡੇਰਾ ਮੁਖੀ 15 ਅਕਤੂਬਰ 2022 ਨੂੰ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। 40 ਦਿਨਾਂ ਤੱਕ ਉਹ ਬਰਨਾਵਾ ਦੇ ਡੇਰਾ ਸੱਚਾ ਸੌਦਾ ਆਸ਼ਰਮ ਵਿੱਚ ਰਿਹਾ ਸੀ। ਰਾਮ ਰਹੀਮ ਨੇ ਡੇਰੇ ਵਿੱਚ ਦੀਵਾਲੀ ਤੇ ਡੇਰੇ ਦੇ ਸੰਸਥਾਪਕ ਦਾ ਜਨਮਦਿਨ ਮਨਾਇਆ ਸੀ। ਪੈਰੋਲ ਦੌਰਾਨ ਰਾਮ ਰਹੀਮ ਨੇ ਆਨਲਾਈਨ ਸਤਿਸੰਗ ਵੀ ਕੀਤਾ ਸੀ ਤੇ ਇਸ ਨੂੰ ਲੈ ਕੇ ਸਵਾਲ ਵੀ ਚੁੱਕੇ ਸਨ।