ਜੇਪੀ ਨੱਢਾ ਇਕ ਸਾਲ ਲਈ ਹੋਰ ਭਾਜਪਾ ਦੇ ਪ੍ਰਧਾਨ ਰਹਿਣ ਵਾਲੇ ਹਨ। ਪਾਰਟੀ ਵਲੋਂ ਉਨ੍ਹਾਂ ਨੂੰ ਇਕ ਸਾਲ ਦਾ ਐਕਟੈਨਸ਼ਨ ਦੇ ਦਿੱਤਾ ਗਿਆ ਹੈ। ਇਸ ਦੀਆਂ ਅਟਕਲਾਂ ਪਹਿਲਾਂ ਤੋਂ ਹੀ ਲੱਗ ਰਹੀਆਂ ਸਨ, ਹੁਣ ਪਾਰਟੀ ਨੇ ਐਲਾਨ ਵੀ ਕਰ ਦਿੱਤਾ ਹੈ। ਵੱਡੀ ਗੱਲ ਇਹ ਹੈ ਕਿ ਨੱਢਾ 2024 ਤੱਕ ਪਾਰਟੀ ਦੀ ਕਮਾਨ ਸੰਭਾਲਣ ਜਾ ਰਹੇ ਹਨ ਯਾਨੀ ਕਿ ਲੋਕ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਪਾਰਟੀ ਬੈਠਕ ਵਿਚ ਰਾਜਨਾਥ ਸਿੰਘ ਨੇ ਪ੍ਰਸਤਾਵ ਰੱਖਿਆ ਸੀ ਤੇ ਭਾਜਪਾ ਕਾਰਜਕਾਰਨੀ ਵੱਲੋਂ ਉਸ ਨੂੰ ਮਨਜ਼ੂਰ ਕਰ ਲਿਆ ਗਿਆ। ਉੁਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੇ ਹਿਸਾਬ ਨਾਲ ਸੰਗਠਨ ਦੀ ਚੋਣ ਹੁੰਦੀ ਹੈ। ਇਹ ਸਾਲ ਮੈਂਬਰਸ਼ਿਪ ਦਾ ਸਾਲ ਹੈ। ਕੋਵਿਡ ਕਾਰਨ ਸਮੇਂ ‘ਤੇ ਮੈਂਬਰਸ਼ਿਪ ਦਾ ਕੰਮ ਨਹੀਂ ਹੋ ਸਕਿਆ ਸੀ, ਇਸ ਲਈ ਸੰਵਿਧਾਨ ਦੇ ਹਿਸਾਬ ਨਾਲ ਕੰਮ ਵਿਸਤਾਰ ਕੀਤਾ ਗਿਆ ਹੈ। ਅਜਿਹੇ ਵਿਚ ਰਾਜਨਾਥ ਸਿੰਘ ਨੇ ਪ੍ਰਸਤਾਵ ਰੱਖਿਆ, ਸਰਬ ਸੰਮਤੀ ਨਾਲ ਸਮਰਥਨ ਮਿਲਿਆ। ਹੁਣ ਨੱਢਾ ਜੂਨ 2024 ਤੱਕ ਪ੍ਰਧਾਨ ਬਣੇ ਰਹਿਣਗੇ। ਉਨ੍ਹਾਂ ਦੇ ਰਾਸ਼ਟਰੀ ਪ੍ਰਧਾਨ ਰਹਿੰਦੇ ਹੋਏ ਬਿਹਾਰ ਵਿਚ ਸਭ ਤੋਂ ਵੱਧ ਸਟ੍ਰਾਈਕ ਰੇਟ ਰਿਹਾ, ਮਹਾਰਾਸ਼ਟਰ ਵਿਚ ਵੀ NDA ਨੇ ਬਹੁਮਤ ਹਾਸਲ ਕੀਤੇ। ਯੂਪੀ ਵਿਚ ਵੀ ਜਿੱਤੇ, ਬੰਗਾਲ ‘ਚ ਵੀ ਸਾਡੀ ਗਿਣਤੀ ਵਧੀ, ਗੁਜਰਾਤ ਵਿਚ ਵੀ ਜਿੱਤ ਹਾਸਲ ਕੀਤੀ। ਅਮਿਤ ਸ਼ਾਹ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੀਐੱਮ ਮੋਦੀ ਦੀ ਅਗਵਾਈ ਵਿਚ ਜੇਪੀ ਨੱਢਾ ਨਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਹੋਰ ਜ਼ਿਆਦਾ ਬੇਹਤਰ ਪ੍ਰਦਰਸ਼ਨ ਕੀਤਾ ਜਾਵੇਗਾ। 2019 ਤੋਂ ਜ਼ਿਆਦਾ ਸੀਟਾਂ ਜਿੱਤੀਆਂ ਜਾਣਗੀਆਂ। ਜੇਪੀ ਨੱਢਾ ਨੇ ਅਮਿਤ ਸ਼ਾਹ ਤੋਂ ਹੀ ਪਾਰਟੀ ਦੀ ਕਮਾਨ ਆਪਣੇ ਹੱਥਾਂ ਵਿਚ ਲਈ ਸੀ। ਜਦੋਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਭਾਰੀ ਬਹੁਮਤ ਨਾਲ ਵਾਪਸੀ ਕੀਤੀ ਸੀ ਉਦੋਂ ਅਮਿਤ ਸ਼ਾਹ ਨੂੰ ਕੇਂਦਰ ਦੀ ਸਿਆਸਤ ਵਿਚ ਲਿਆਂਦਾ ਗਿਆ ਸੀ। ਉਹ ਗ੍ਰਹਿ ਮੰਤਰੀ ਬਣਾ ਦਿੱਤੇ ਗਏ ਸਨ ਤੇ ਜੇਪੀ ਨੱਢਾ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਫੈਸਲਾ ਹੋਇਆ ਸੀ।