ਚੰਡੀਗੜ੍ਹ: ਨਯਾ ਨੰਗਲ ਰੂਪ ਨਗਰ ਸਥਿਤ ਪੰਜਾਬ ਅਲਕਲੀਜ਼ ਐਂਡ ਕੈਮੀਕਲਜ਼ ਲਿਮਟਿਡ (ਪੀ.ਏ.ਸੀ.ਐਲ.) ਨੂੰ ਵਿਨਿਵੇਸ਼ ਦੀ ਸਾਜ਼ਿਸ਼ ਤਹਿਤ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ ਹੈ, ਭਾਵੇਂ ਇਹ ਕੰਪਨੀ ਕਰੋੜਾਂ ਦੇ ਮੁਨਾਫੇ ਨਾਲ ਚੱਲ ਰਹੀ ਸੀ। ਵਿਨਿਵੇਸ਼ ਦੀ ਆੜ ਵਿੱਚ 1000 ਕਰੋੜ ਤੋਂ ਵੱਧ ਦਾ ਘਪਲਾ ਹੋਣ ਦਾ ਦੋਸ਼ ਲਗਾਉਂਦਿਆਂ ਕਈ ਬਰਖ਼ਾਸਤ ਮੁਲਾਜ਼ਮਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅਦਾਲਤ ਵਿੱਚ ਪਟੀਸ਼ਨ ਦੀ ਸੁਣਵਾਈ ਕਰਦਿਆਂ ਜਸਟਿਸ ਰਾਜੇਸ਼ ਭਾਰਦਵਾਜ ਨੇ ਪੰਜਾਬ ਦੇ ਡੀ.ਜੀ.ਪੀ. ਅਤੇ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ 16 ਫਰਵਰੀ ਤੱਕ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪਟੀਸ਼ਨ ਵਿੱਚ ਦੱਸਿਆ ਗਿਆ ਸੀ ਕਿ ਨਿਯਮਾਂ ਤਹਿਤ ਸਿਰਫ਼ ਘਾਟੇ ਵਿੱਚ ਚੱਲ ਰਹੀਆਂ ਜਾਂ ਬਿਮਾਰ ਇਕਾਈਆਂ ਜਾਂ ਕੰਪਨੀਆਂ ਦਾ ਵਿਨਿਵੇਸ਼ ਕੀਤਾ ਜਾ ਸਕਦਾ ਹੈ, ਜਦਕਿ ਪੀ.ਏ.ਸੀ.ਐਲ. ਮੁਨਾਫੇ ਵਿੱਚ ਚੱਲ ਰਹੀ ਸੀ, ਜਿਸਦਾ 2018-19 ਵਿੱਚ 55.86 ਕਰੋੜ, 2019-20 ਵਿੱਚ ਲਗਭਗ 9 ਕਰੋੜ ਅਤੇ 2020-21 ਵਿੱਚ 1.25 ਕਰੋੜ ਦਾ ਮੁਨਾਫਾ ਹੋਇਆ ਸੀ, ਜੋ ਰਿਕਾਰਡ ਉੱਤੇ ਹੈ। ਐਡਵੋਕੇਟ ਬਿਨਤ ਸ਼ਰਮਾ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਪ੍ਰਬੰਧਕਾਂ ਅਤੇ ਸਿਆਸਤਦਾਨਾਂ ਨੇ ਕੰਪਨੀ ਨੂੰ ਵਿੱਤੀ ਤੌਰ ‘ਤੇ ਕਮਜ਼ੋਰ ਦਿਖਾ ਕੇ ਪ੍ਰਾਈਵੇਟ ਕੰਪਨੀ ਦਾ ਅਪਨਿਵੇਸ਼ ਕਰਵਾ ਦਿੱਤਾ। ਵਿਨਿਵੇਸ਼ ਦੀ ਪ੍ਰਕਿਰਿਆ ਤੋਂ ਪਹਿਲਾਂ ਹੀ ਸੈਂਕੜੇ ਮੁਲਾਜ਼ਮਾਂ ਨੂੰ ਮਾਰਕਫੈੱਡ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪਰ ਮਾਰਕਫੈੱਡ ਨੇ ਵਾਧੂ ਬੋਝ ਦਾ ਹਵਾਲਾ ਦਿੰਦੇ ਹੋਏ ਮੁਲਾਜ਼ਮਾਂ ਨੂੰ ਵਾਪਸ ਭੇਜ ਦਿੱਤਾ, ਜਿਨ੍ਹਾਂ ਨੂੰ ਕੁਝ ਸਮੇਂ ਬਾਅਦ ਡੈਪੂਟੇਸ਼ਨ ’ਤੇ ਦਿਖਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਸਾਜ਼ਿਸ਼ ਤਹਿਤ ਪੀ.ਏ.ਸੀ.ਐਲ. ਦੇ ਮੈਨੇਜਿੰਗ ਡਾਇਰੈਕਟਰ ਨਵੀਨ ਚੋਪੜਾ ਦਾ ਵੱਡਾ ਹੱਥ ਸੀ, ਜਿਸ ਦੀ ਤਨਖ਼ਾਹ 2021 ‘ਚ 28.68 ਕਰੋੜ ਸਾਲਾਨਾ ਹੋ ਗਈ, ਜੋ ਕਿ 2020 ‘ਚ 45 ਲੱਖ ਸਾਲਾਨਾ ਸੀ ਯਾਨੀ ਇਕ ਵਾਰ ‘ਚ 6279 ਫੀਸਦੀ ਦੀ ਤਨਖਾਹ ‘ਚ ਵਾਧਾ, ਜੋ ਸ਼ਾਇਦ ਪੂਰੀ ਦੁਨੀਆ ‘ਚ ਨਹੀਂ ਹੋਇਆ। ਵਿਨਿਵੇਸ਼ ਤੋਂ ਬਾਅਦ, ਕੰਪਨੀ ਨੇ ਠੇਕੇ ‘ਤੇ ਕੰਮ ਕਰਦੇ ਜ਼ਿਆਦਾਤਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂ ਉਨ੍ਹਾਂ ਨੂੰ ਕੰਪਨੀ ਛੱਡਣ ਲਈ ਮਜਬੂਰ ਕੀਤਾ ਗਿਆ।