ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਪੰਜਾਬ ਦੌਰੇ ਦੇ ਆਖਰੀ ਦਿਨ ਪਠਾਨਕੋਟ ‘ਚ ਜਨ ਸਭਾ ਕੀਤੀ। ਜਿਸ ਵਿਚ ਰਾਹੁਲ ਗਾਂਧੀ ਦੇ ਨਾਲ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਵੀ ਪਹੁੰਚੇ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ 3 ਕਾਲੇ ਕਾਨੂੰਨਾਂ ਕਾਰਨ ਕਿਸਾਨਾਂ ਦਾ ਜੋ ਹਾਲ ਹੋਇਆ, ਅਗਨੀਵੀਰ ਯੋਜਨਾ ਕਰ ਕੇ ਜਵਾਨਾਂ ਦਾ ਜੋ ਹਾਲ ਹੋਇਆ ਇਸ ਦੀ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਡਰਾ ਕੇ ਉਨ੍ਹਾਂ ਦੀ ਤਪੱਸਿਆ ਦਾ ਫਲ 2-3 ਅਰਬਪਤੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਡਰ ਦਾ ਮਾਹੌਲ ਬਣਾ ਕੇ ਨਫ਼ਰਤ ਫੈਲਾਈ ਜਾ ਰਹੀ ਹੈ। ਮੀਡੀਆ ਵਿਚ ਹਰ ਸਮੇਂ ਨਰਿੰਦਰ ਮੋਦੀ ਦਾ ਚਿਹਰਾ ਨਜ਼ਰ ਆਉਂਦਾ ਹੈ। ਗਲਤ ਜੀ.ਐੱਸ.ਟੀ., ਨੋਟਬੰਦੀ, ਕਿਸਾਨ ਨੂੰ ਖਾਦ ਦੇਣ ਦੀ ਸਮੱਸਿਆ ਮੀਡੀਆ ‘ਚ ਨਜ਼ਰ ਨਹੀਂ ਆ ਰਹੀ। ਤੁਹਾਡੀ ਜੇਬ ਕੱਟੀ ਜਾ ਰਹੀ ਹੈ। ਇਹ ਸਭ ਕੁਝ ਇਸ ਲਈ ਨਹੀਂ ਦਿਖਾਇਆ ਗਿਆ ਤਾਂ ਕਿ ਇਹ ਮੁੱਦੇ ਕਿਸੇ ਦੇ ਧਿਆਨ ਵਿਚ ਨਾ ਆਉਣ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਨਾ ਚੱਲਣ ਦਿਓ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਲੋਕ ਸਭਾ ਵਿਚ ਮੇਰੇ ਨਾਲ ਬੈਠੇ ਸੀ। ਤੁਹਾਡੇ ਅਤੇ ਅਰਵਿੰਦ ਕੇਜਰੀਵਾਲ ਵਿਚ ਬਹੁਤ ਫਰਕ ਹੈ। ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਉਣਾ ਚਾਹੀਦਾ। ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਅਸੀਂ ਆਮ ਆਦਮੀ ਪਾਰਟੀ ਨਾਲ ਲੜਾਂਗੇ ਅਤੇ ਹਰਾਵਾਂਗੇ। ਜੇਕਰ ਕੋਈ ਕਿਸਾਨ ਕਹੇ ਕਿ ਰਿਮੋਟ ਕੰਟਰੋਲ ਸਰਕਾਰ ਹੈ। ਜੇ ਮੈਂ ਪੁੱਛਦਾ ਹਾਂ ਕਿ ਕੌਣ ਹੈ, ਤਾਂ ਉਹ ਕਹਿੰਦੇ ਹਨ ਹੈ ਰਾਘਵ ਚੱਢਾ… ਆਰਸੀ ਤਾਂ ਇਹ ਸਹੀ ਗੱਲ ਨਹੀਂ ਹੈ। ਤੁਹਾਡਾ ਪੈਸਾ ਗੁਜਰਾਤ ਵਿੱਚ ਵਰਤਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਪੈਸੇ ਨਾਲ ਗੁਜਰਾਤ ਵਿਚ ਇਸ਼ਤਿਹਾਰ ਦਿੱਤੇ ਜਾਣ, ਇਹ ਗਲਤ ਹੈ। ਮੈਂ ਫਿਰ ਕਹਿੰਦਾ ਹਾਂ ਕਿ ਮੈਂ ਭਗਵੰਤ ਮਾਨ ਨੂੰ ਪਸੰਦ ਕਰਦਾ ਹਾਂ, ਪਰ ਪੰਜਾਬ ਨੂੰ ਪੰਜਾਬ ਤੋਂ ਚਲਾਇਆ ਜਾਵੇ। ਇਸ ਰੈਲੀ ਵਿਚ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਨੇ 6 ਸੂਬਿਆਂ ‘ਚੋਂ ਸਾਡੀਆਂ ਸਰਕਾਰਾਂ ਚੋਰੀ ਕਰ ਲਈਆਂ। ਮੈਂ ਉਨ੍ਹਾਂ ਨੂੰ ਚੋਰ ਕਹਾਂ ਜਾਂ ਡਾਕੂ? ਪੈਸਾ, ਲਾਲਚ ਜਾਂ ਇਨਕਮ ਟੈਕਸ ਸਮੇਤ ਹਰ ਚੀਜ਼ ਦਾ ਡਰ ਵਿਖਾ ਕੇ ਉਹ ਬਹੁਮਤ ਬਣਾ ਲੈਂਦੇ ਹਨ। ਉਹ ਭਵਿੱਖ ਵਿੱਚ ਵੀ ਅਜਿਹਾ ਹੀ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਯਾਤਰਾ ਤੋਂ ਭਾਜਪਾ ਘਬਰਾ ਗਈ ਹੈ। ਉਹ ਦੇਸ਼ ਦੀ ਬਿਹਤਰੀ ਲਈ ਕੋਈ ਕੰਮ ਨਹੀਂ ਕਰਦੇ, ਉਨ੍ਹਾਂ ਦਾ ਧਿਆਨ ਸਿਰਫ਼ ਚੋਣਾਂ ਜਿੱਤਣ ‘ਤੇ ਹੈ। ਉਹ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਨਹੀਂ ਕਰਦੇ। ਉਹ ਜਿੱਥੇ ਵੀ ਜਾਣਗੇ, ਚੋਣਾਂ ਦੀ ਗੱਲ ਕਰਨਗੇ। ਜਦੋਂ ਅਸੀਂ ਜਨਤਾ ਦੇ ਸਵਾਲਾਂ ਨੂੰ ਲੈ ਕੇ ਸੰਸਦ ਵਿਚ ਖੜ੍ਹੇ ਹੁੰਦੇ ਹਾਂ ਤਾਂ ਉਹ ਚਰਚਾ ਲਈ ਤਿਆਰ ਨਹੀਂ ਹੁੰਦੇ। ਉਹ ਬਹਾਨੇ ਬਣਾ ਕੇ ਸਦਨ ਨੂੰ ਮੁਲਤਵੀ ਕਰ ਦਿੰਦੇ ਹਨ। ਬਾਅਦ ਵਿਚ ਉਹ ਕਹਿੰਦੇ ਹਨ ਕਿ ਉਹ ਤਿਆਰ ਸਨ ਪਰ ਕਾਂਗਰਸ ਸਮੱਸਿਆਵਾਂ ਪੈਦਾ ਕਰਦੀ ਹੈ। ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਕਿਹਾ ਕਿ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਯਾਤਰਾ ‘ਤੇ ਟਿਕੀਆਂ ਹੋਈਆਂ ਹਨ। ਦੇਸ਼ ਵਿਚ ਮਹਿੰਗਾਈ, ਬੇਰੁਜ਼ਗਾਰੀ ਅਤੇ ਪਿਆਰ ਅਤੇ ਭਾਈਚਾਰਾ ਯਕੀਨੀ ਬਣਾਉਣਾ ਇੱਕ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਦੇ ਪਿਆਰੇ ਨੇਤਾ ਬਣ ਗਏ ਹਨ। ਰਾਜਸਥਾਨ ਵਿਚ ਵੀ ਯਾਤਰਾ ਨੂੰ ਭਾਰੀ ਸਮਰਥਨ ਮਿਲਿਆ।ਦੇਸ਼ ਦੇ ਸਾਹਮਣੇ ਵੱਡੀ ਚੁਣੌਤੀ ਹੈ। ਲੋਕਤੰਤਰ ਖ਼ਤਰੇ ਵਿਚ ਹੈ। ਸੰਵਿਧਾਨ ਨੂੰ ਤੋੜਿਆ ਜਾ ਰਿਹਾ ਹੈ। ਅਸੀਂ ਸਾਰੇ ਇਸ ਨੂੰ ਰੋਕਣ ਵਿਚ ਕਾਮਯਾਬ ਹੋਵਾਂਗੇ। ਇਸ ਰੈਲੀ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ”ਰਾਹੁਲ ਗਾਂਧੀ ਇਕ ਕ੍ਰਾਂਤੀਕਾਰੀ ਲੀਡਰ ਹਨ ਤੇ ਇਕ ਕ੍ਰਾਂਤੀ ਦਾ ਨਾਂਅ ਰਾਹੁਲ ਗਾਂਧੀ ਹੈ। ਇਕ ਸਮਾਜਵਾਦੀ ਲੀਡਰ ਜੋ ਪਿਆਰ ਵੰਡਦਾ ਹੈ, ਜੋ ਤਪੱਸਵੀ ਹੈ। ਰਾਹੁਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸੇਵਕ ਹਨ ਤੇ ਉਹ ਇਕ ਸੰਤ ਰੂਪ ਹਨ। ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਇਸ ਯਾਤਰਾ ਨੂੰ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਦਾ ਵੀ ਜ਼ਿਕਰ ਕੀਤਾ।