ਓਡੀਸ਼ਾ ਵਿਚ ਚੱਲ ਰਹੇ 15ਵੇਂ ਹਾਕੀ ਵਰਲਡ ਕੱਪ ਵਿਚ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਅਹਿਮ ਖਿਡਾਰੀ ਹਾਰਦਿਕ ਸਿੰਘ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਹਾਰਦਿਕ ਸਿੰਘ ਦੀ ਜਗ੍ਹਾ ਰਾਜਕੁਮਾਰ ਪਾਲ ਨੂੰ ਸਕਵਾਡ ਵਿਚ ਸ਼ਾਮਲ ਕੀਤਾ ਗਿਆ ਹੈ। ਚੀਫ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਬੀਤੀ ਰਾਤ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਹਾਰਦਿਕ ਸਿੰਘ ਨੂੰ ਰਿਪਲੇਸ ਕਰਨ ਦਾ ਵੱਡਾ ਫੈਸਲਾ ਲਿਆ ਹੈ। ਹਾਰਦਿਕ ਦੀ ਥਾਂ ਰਾਜਕੁਮਾਰ ਪਾਲ ਨੂੰ ਸ਼ਾਮਲ ਕੀਤਾ ਗਿਆ ਹੈ। ਹਾਰਦਿਕ ਸਿੰਘ ਜਿਸ ਅੰਦਾਜ਼ ਵਿਚ ਸ਼ੁਰੂਆਤੀ ਦੋ ਮੁਕਾਬਲਿਆਂ ਵਿਚ ਲਾਜਵਾਬ ਪ੍ਰਦਰਸ਼ਨ ਕਰ ਰਹੇ ਸੀ, ਉਸ ਨੂੰ ਦੇਖਦਿਆਂ ਇਹ ਉਨ੍ਹਾਂ ਲਈ ਬਹੁਤ ਹੀ ਨਿਰਾਸ਼ ਕਰ ਦੇਣ ਵਾਲੀ ਖਬਰ ਹੈ। ਦੱਸ ਦੇਈਏ ਕਿ ਹਾਰਦਿਕ ਸਿੰਘ ਨੂੰ 15 ਜਨਵਰੀ ਨੂੰ ਖੇਡੇ ਗਏ ਭਾਰਤ ਬਨਾਮ ਇੰਗਲੈਂਡ ਮੈਚ ਦੌਰਾਨ ਸੱਟ ਲੱਗੀ ਸੀ। ਇਸ ਦੇ ਬਾਅਦ ਵੇਲਸ ਖਿਲਾਫ ਮੁਕਾਬਲੇ ਵਿਚ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ। 24 ਸਾਲ ਦੇ ਹਾਰਦਿਕ ਦਾ ਇਹ ਦੂਜਾ ਵਰਲਡ ਕੱਪ ਸੀ। ਇਸ ਤੋਂ ਪਹਿਲਾਂ 2018 ਵਿਚ ਵੀ ਉਹ ਟੀਮ ਦਾ ਹਿੱਸਾ ਸਨ। ਹਾਰਦਿਕ ਦੇ ਦਾਦਾ ਇੰਡੀਅਨ ਨੇਵੀ ਵਿਚ ਹਾਕੀ ਦੇ ਕੋਚ ਰਹਿ ਚੁੱਕੇ ਹਨ। ਹਾਰਦਿਕ ਸਿੰਘ ਨੇ 2020 ਟੋਕੀਓ ਓਲੰਪਿਕਸ ਵਿਚ ਟੀਮ ਨਾਲ ਕਾਂਸੇ ਦਾ ਤਮਗਾ ਜਿੱਤਿਆ ਸੀ। ਪਿਛਲੇ ਸਾਲ 2022 ਵਿਚ ਕਾਮਨਵੈਲਥ ਗੇਮਸ ਵਿਚ ਹਾਰਦਿਕ ਚਾਂਦੀ ਦਾ ਤਮਗਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸਨ। ਇਸ ਤੋਂ ਇਲਾਵਾ ਏਸ਼ੀਆਈ ਚੈਂਪੀਅਨਸ ਟਰਾਫੀ ਵਿਚ ਇਕ ਵਾਰ ਗੋਲਡ ਤੇ ਇਕ ਕਾਂਸੇ ਦਾ ਤਮਗਾ ਜਿੱਤਿਆ ਹੈ।ਹਾਰਦਿਕ ਸਿੰਘ 2021 ਵਿਚ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ।