ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 74ਵੇਂ ਗਣਤੰਤਰ ਦਿਵਸ ਮੌਕੇ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਤਿਰੰਗਾ ਲਹਿਰਾਇਆ । ਇਸ ਮੌਕੇ ਮੁੱਖ ਮੰਤਰੀ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸ਼ਹੀਦ ਆਜ਼ਾਦੀ ਦੇ ਲਈ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਦੇਸ਼ ਗੁਲਾਮ ਹੁੰਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90 ਫ਼ੀਸਦ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਦੀ ਸਰਹੱਦ ‘ਤੇ ਪੰਜਾਬੀ ਪਹਿਲਾਂ ਮੋਰਚੇ ‘ਤੇ ਖੜ੍ਹੇ ਹਨ। ਇਸ ਕਾਰਨ ਪੰਜਾਬ ਕੁਰਬਾਨੀਆਂ ਤੇ ਦੇਸ਼ ਦੀ ਆਜ਼ਾਦੀ ਦੇ ਇਨਕਲਾਬ ਦੇ ਲਈ ਜਾਣਿਆ ਜਾਂਦਾ ਹੈ। ਦੇਸ਼ ਨੂੰ ਆਤਮ-ਨਿਰਭਰ ਕਰਨ ਵਿੱਚ ਪੰਜਾਬ ਆਗਿਆ ਆਇਆ। ਆਜ਼ਾਦੀ ਦੀ ਜੰਗ ਦੇ ਦੌਰਾਨ ਅਨੇਕਾਂ ਪੰਜਾਬੀਆਂ ਨੇ ਦੇਸ਼ ਦੇ ਲਈ ਆਪਣੀ ਜਵਾਨੀ ਦਾ ਤਿਆਗ ਕੀਤਾ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਆਦਮੀ ਵੱਡਾ ਸਾਲਾਂ ਤੋਂ ਨਹੀਂ, ਆਦਮੀ ਵੱਡਾ ਖਿਆਲਾਂ ਨਾਲ ਹੁੰਦਾ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਹਰ ਸਾਲ 2200 ਮੁਲਾਜ਼ਮਾਂ ਦੀ ਭਰਤੀ ਹੋਵੇਗੀ ਜਿਨ੍ਹਾਂ ਵਿਚੋਂ 1800 ਕਾਂਸਟੇਬਲ ਤੇ 400 ਹੈੱਡ ਕਾਂਸਟੇਬਲ ਹੋਣਗੇ। ਉਨ੍ਹਾਂ ਕਿਹਾ ਕਿ ਸਤੰਬਰ ਵਿੱਚ ਪੇਪਰ, ਅਕਤੂਬਰ ਵਿੱਚ ਫਿਜ਼ੀਕਲ ਟੈਸਟ, ਨਵੰਬਰ ਵਿੱਚ ਰਿਜ਼ਲਟ ਤੇ ਦਸੰਬਰ ਵਿੱਚ ਭਰਤੀ ਹੋ ਜਾਵੇਗੀ ਜਿਸ ਲਈ ਕਿਸੇ ਸਿਫਾਰਸ਼ ਜਾਂ ਕੋਟੇ ਦੀ ਲੋੜ ਨਹੀਂ ਪਵੇਗੀ। ਪੰਜਾਬੀ ਨੌਜਵਾਨਾਂ ਨੂੰ ਯੋਗਤਾ ਦੇ ਹਿਸਾਬ ਨਾਲ ਨੌਕਰੀ ਮਿਲੇਗੀ। ਇਸ ਤੋਂ ਅੱਗੇ CM ਮਾਨ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੇ ਵਿਦੇਸ਼ਾਂ ਹੀ ਜਾਣਾ ਹੈ ਤਾਂ ਫਿਰ ਭਗਤ ਸਿੰਘ ਨੂੰ ਕੁਰਬਾਨੀ ਦੇਣ ਦੀ ਕੀ ਲੋੜ ਸੀ। ਉਨ੍ਹਾਂ ਨੇ ਸਾਰਿਆਂ ਨੂੰ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਦੀ ਅਪੀਲ ਕੀਤੀ। ਇਸ ਸਤੋਂ ਇਲਾਵਾ ਉਨ੍ਹਾਂ ਨੇ 16 ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕਹੀ। ਟੂਰਿਜ਼ਮ ਖੇਤਰ ਵਿੱਚ ਪੰਜਾਬ ਨੂੰ ਅਮੀਰ ਦੱਸਿਆ। ਨਰੇਗਾ ਤੇ ਮਨਰੇਗਾ ਨੂੰ ਵੀ ਲਾਗੂ ਕਰਨ ਦੀ ਗੱਲ ਕਹੀ। CM ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਸਕੀਮ ‘ਤੇ ਦਸਤਖਤ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਿਸ ਦਿਨ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਰੇਤ ਦੀ ਖਾਣ ਦੇਣ ‘ਤੇ ਦਸਤਖ਼ਤ ਕਰ ਦਿੱਤੇ ਤਾਂ ਸਮਝਣਾ ਕਿ ਮੈਂ ਆਪਣੇ ਡੈੱਥ ਵਾਰੰਟ ‘ਤੇ ਸਾਈਨ ਕਰ ਦਿੱਤੇ ਹਨ। ਜੇਕਰ ਮੈਂ ਕਿਸੇ ਚੀਜ਼ ਵਿੱਚ ਹਿੱਸਾ ਪਾਉਣਾ ਹੈ ਤਾਂ ਪੰਜਾਬੀਆਂ ਦੇ ਦੁਖਾਂ ਵਿੱਚ ਹਿੱਸਾ ਪਾਉਣਾ ਹੈ, ਤੁਸੀ ਮੈਨੂੰ ਦੁੱਖ ਮੰਤਰੀ ਵੀ ਕਹਿ ਸਕਦੇ ਹੋ।