ਪੂਰਾ ਪਰਿਵਾਰ ਖਤਮ, ਕਮਰੇ ‘ਚੋਂ ਮਿਲੀਆਂ JBT ਅਧਿਆਪਕ, ਪਤਨੀ ਤੇ ਧੀ ਦੀਆਂ ਲਾਸ਼ਾਂ

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿਚ ਸਰਕਾਰੀ ਅਧਿਆਪਕ, ਉਸ ਦੀ ਪਤਨੀ ਅਤੇ ਇਕਲੌਤੀ ਬੇਟੀ ਦੀ ਸ਼ੱਕੀ ਮੌਤ ਹੋ ਗਈ ਹੈ। ਐਸਪੀ ਪੁਲਿਸ ਟੀਮ ਨਾਲ ਮੌਕੇ ’ਤੇ ਪੁੱਜੇ। ਮੁੱਢਲੀ ਜਾਂਚ ‘ਚ ਤਿੰਨਾਂ ਦੀ ਮੌਤ ਅੰਗੀਠੀ ਵਿਚੋਂ ਨਿਕਲੀ ਗੈਸ ਕਾਰਨ ਦਮ ਘੁਟਣ ਨਾਲ ਹੋਈ ਦੱਸੀ ਜਾ ਰਹੀ ਹੈ ਪਰ ਰਿਸ਼ਤੇਦਾਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਜਾਣਕਾਰੀ ਮੁਤਾਬਕ 45 ਸਾਲਾ ਜੇਬੀਟੀ ਅਧਿਆਪਕ ਜਤਿੰਦਰ, 42 ਸਾਲਾ ਪਤਨੀ ਸੁਸ਼ੀਲਾ ਅਤੇ ਇਕਲੌਤੀ ਬੇਟੀ ਹਿਮਾਨੀ ਸਬਜ਼ੀ ਮੰਡੀ ਇਲਾਕੇ ਦੀ ਨਵੀਂ ਬਸਤੀ ‘ਚ ਰਹਿੰਦੇ ਸਨ। ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਕਿ ਤਿੰਨਾਂ ਦੀ ਮੌਤ ਹੋ ਗਈ ਹੈ। ਐਸਪੀ ਅਜੀਤ ਸਿੰਘ ਸ਼ੇਖਾਵਤ ਸੀਆਈਏ, ਇੰਡਸਟਰੀਅਲ ਏਰੀਆ ਥਾਣੇ ਦੇ ਐਸਐਚਓ, ਸਬਜ਼ੀ ਮੰਡੀ ਪੁਲਿਸ ਚੌਕੀ ਇੰਚਾਰਜ ਅਤੇ ਐਫਐਸਐਲ ਟੀਮ ਨਾਲ ਮੌਕੇ ’ਤੇ ਪੁੱਜੇ। ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਮੌਕੇ ’ਤੇ ਆ ਕੇ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ। ਜੇਬੀਟੀ ਅਧਿਆਪਕ ਜਤਿੰਦਰ, ਉਸ ਦੀ ਪਤਨੀ ਸੁਸ਼ੀਲਾ ਅਤੇ ਬੇਟੀ ਹਿਮਾਨੀ ਦੀਆਂ ਲਾਸ਼ਾਂ ਕਮਰੇ ਦੇ ਬੈੱਡ ‘ਤੇ ਪਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਨਾ ਹੀ ਇੱਥੇ ਕੁੱਟਮਾਰ ਜਾਂ ਚੋਰੀ ਦੀ ਕੋਈ ਘਟਨਾ ਵਾਪਰੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਤਿੰਨਾਂ ਦੀ ਮੌਤ ਕਮਰੇ ‘ਚ ਬਾਲੀ ਅੰਗੀਠੀ ਤੋਂ ਦਮ ਘੁੱਟਣ ਨਾਲ ਹੋਈ ਹੈ। ਮੌਕੇ ‘ਤੇ ਪਹੁੰਚੇ ਮ੍ਰਿਤਕ ਸੁਸ਼ੀਲਾ ਦੇ ਪਿਤਾ ਧਰਮਬੀਰ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਇਹ ਵੀ ਦੱਸਿਆ ਕਿ ਉਹ 2-4 ਦਿਨਾਂ ਬਾਅਦ ਆਪਣੀ ਬੇਟੀ ਨੂੰ ਮਿਲਣ ਆਉਂਦਾ ਸੀ। ਇਸ ਘਰ ਵਿੱਚ ਕਦੇ ਅੰਗੀਠੀ ਹੀ ਨਹੀਂ ਸੀ। ਪੂਰੇ ਪਰਿਵਾਰ ਦੀ ਅਚਾਨਕ ਹੋਈ ਮੌਤ ਤੋਂ ਹਰ ਕੋਈ ਸਦਮੇ ‘ਚ ਹੈ।ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਮੌਤ ਸਚਮੁੱਚ ਹੀ ਦਮ ਘੁੱਟਣ ਕਾਰਨ ਹੋਈ ਹੈ ਜਾਂ ਕੋਈ ਹੋਰ ਮਾਮਲਾ ਹੈ।

Leave a Reply

Your email address will not be published. Required fields are marked *