ਅਯੁੱਧਿਆ ਵਿਚ ਰਾਮ ਜਨਮ ਭੂਮੀ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਮਿਲਣ ‘ਤੇ ਹੜਕੰਪ ਮਚ ਗਿਆ ਹੈ। ਰਾਮ ਜਨਮ ਭੂਮੀ ਥਾਣਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਰਾਮਕੋਟ ਇਲਾਕੇ ਵਿਚ ਸਥਿਤ ਰਾਮਲਲਾ ਸਦਨ ਮੰਦਰ ਵਿਚ ਰਹਿਣ ਵਾਲੇ ਮਨੋਜ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਅੱਜ ਸਵੇਰੇ ਉਸ ਦੇ ਮੋਬਾਈਲ ‘ਤੇ ਇਕ ਫੋਨ ਆਇਆ। ਸੰਜੀਵ ਕੁਮਾਰ ਮੁਤਾਬਕ ਮਨੋਜ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਸਵੇਰੇ 10 ਵਜੇ ਉਹ ਰਾਮਜਨਮ ਭੂਮੀ ਨੂੰ ਬੰਬ ਨਾਲ ਉਡਾ ਦੇਵੇਗਾ ਤੇ ਉਸ ਦੇ ਬਾਅਦ ਫੋਨ ਕਰਨ ਵਾਲੇ ਨੇ ਫੋਨ ਕੱਟ ਦਿੱਤਾ। ਸਿੰਘ ਨੇ ਦੱਸਿਆ ਕਿ ਇਸ ਸੂਚਨਾ ‘ਤੇ ਸਾਰਿਆਂ ਥਾਣਿਆਂ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਤੇ ਰਾਮ ਜਨਮ ਭੂਮੀ ਵਿਚ ਕਈ ਥਾਣਿਆਂ ਦੀ ਪੁਲਿਸ ਨੂੰ ਤਾਇਨਾਤ ਕਰ ਦਿੱਤਾ ਗਿਆ। SHO ਸੰਜੀਵ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੁਨ੍ਹਾਂ ਕਿਹਾ ਕਿ ਫੋਨ ਕਰਨ ਵਾਲੇ ਦੀ ਪਛਾਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਯੁੱਧਿਆ ਪੁਲਿਸ ਦੇ ਇਲਾਵਾ ਖੁਫੀਆ ਵਿਭਾਗ ਵੀ ਧਮਕੀ ਮਿਲਣ ਦੇ ਬਾਅਦ ਅਲਰਟ ਮੋਡ ‘ਤੇ ਹੈ। ਅਯੁੱਧਿਆ ਦੀ ਸੁਰੱਖਿਆ ਵਿਵਸਥਾ ਪੁਖਤਾ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਮ ਜਨਮ ਭੂਮੀ ਬਾਬਰੀ ਮਸਜਿਦ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ 9 ਨਵੰਬਰ 2019 ਨੂੰ ਦਿੱਤੇ ਗਏ ਇਤਿਹਾਸਕ ਫੈਸਲੇ ਦੇ ਬਾਅਦ ਅਯੁੱਧਿਆ ਵਿਚ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਇਸ ਸਾਲ ਦਸੰਬਰ ਤੱਕ ਪੂਰਾ ਹੋ ਜਾਣ ਦੀ ਉਮੀਦ ਹੈ।