ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਦਾ ਦਰਜਾ ਦਿੱਤਾ ਗਿਆ ਹੈ। ਅਮਰੀਕਾ ਸਥਿਤ ਸਲਾਹਕਾਰ ਫਰਮ ‘ਮੌਰਨਿੰਗ ਕੰਸਲਟ’ ਦੇ ਤਾਜ਼ਾ ਸਰਵੇਖਣ ਵਿੱਚ ਪੀ.ਐੱਮ. ਮੋਦੀ ਦੁਨੀਆ ਵਿੱਚ 78 ਫੀਸਦੀ ਦੀ ਸਭ ਤੋਂ ਵੱਧ ਪ੍ਰਵਾਨਗੀ ਰੇਟਿੰਗ ਦੇ ਨਾਲ ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿੱਚ ਟੌਪ ‘ਤੇ ਬਣੇ ਹੋਏ ਹਨ। ਇਸ ਸਰਵੇ ‘ਚ ਦੁਨੀਆ ਭਰ ਦੇ 22 ਨੇਤਾਵਾਂ ਦੀ ਰੇਟਿੰਗ ਦਾ ਮੁਲਾਂਕਣ ਕੀਤਾ ਗਿਆ ਸੀ ਅਤੇ ਇਸ ‘ਚ ਪੀਐੱਮ ਮੋਦੀ ਦੀ ਰੇਟਿੰਗ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਣੇ ਹੋਰ ਨੇਤਾਵਾਂ ਤੋਂ ਕਾਫੀ ਜ਼ਿਆਦਾ ਸੀ। ਇਸ ਸਿਆਸੀ ਖੁਫੀਆ ਖੋਜ ਫਰਮ ਨੇ ਕਿਹਾ ਕਿ ਇਹ ‘ਗਲੋਬਲ ਲੀਡਰ ਅਪਰੂਵਲ’ ਸਰਵੇਖਣ ਇਸ ਸਾਲ 26 ਤੋਂ 31 ਜਨਵਰੀ ਦਰਮਿਆਨ ਇਕੱਠੇ ਕੀਤੇ ਗਏ ਅੰਕੜਿਆਂ ‘ਤੇ ਆਧਾਰਿਤ ਹੈ, ਜਿਸ ਵਿਚ ਹਰੇਕ ਦੇਸ਼ ਦੇ ਬਾਲਗ ਨਿਵਾਸੀਆਂ ਦੀ ਸੱਤ ਦਿਨਾਂ ਦੀ ਮੂਵਿੰਗ ਐਵਰੇਜ ਦਾ ਨਮੂਨਾ ਲਿਆ ਗਿਆ ਹੈ। ਇਸ ਸਰਵੇਖਣ ਵਿੱਚ ਪੀ.ਐੱਮ. ਮੋਦੀ ਨੇ 78 ਫੀਸਦੀ ਦੀ ਅਪਰੂਵਲ ਰੇਟਿੰਗ ਪ੍ਰਾਪਤ ਕੀਤੀ, ਜੋ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਤੋਂ ਬਹੁਤ ਅੱਗੇ ਹੈ, ਜਿਸ ਨੂੰ 40 ਫੀਸਦੀ ਦੀ ਅਪਰੂਵਲ ਰੇਟਿੰਗ ਮਿਲੀ ਹੈ। ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ 68 ਫੀਸਦੀ ਪ੍ਰਵਾਨਗੀ ਰੇਟਿੰਗ ਨਾਲ ਦੂਜੇ ਸਥਾਨ ‘ਤੇ ਰਹੇ, ਜਦੋਂਕਿ ਸਵਿੱਸ ਰਾਸ਼ਟਰਪਤੀ ਐਲੇਨ ਬਰਸੇਟ 62 ਫੀਸਦੀ ਪ੍ਰਵਾਨਗੀ ਰੇਟਿੰਗ ਨਾਲ ਤੀਜੇ ਸਥਾਨ ‘ਤੇ ਰਹੇ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਵਿਦੇਸ਼ ਨੀਤੀ ਦੇ ਇਤਿਹਾਸ ਵਿੱਚ ਸਾਲ 2022 ਇੱਕ ਬੇਮਿਸਾਲ ਸਾਲ ਰਿਹਾ ਹੈ। ਇਸ ਦੌਰਾਨ ਪੀ.ਐੱਮ. ਮੋਦੀ ਦੀ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਦਿੱਤੀ ਸਲਾਹ ਕਿ ‘ਇਹ ਯੁੱਧ ਦਾ ਦੌਰ ਨਹੀਂ ਹੈ’ ਦੁਨੀਆ ਭਰ ਵਿੱਚ ਗੂੰਜਿਆ। ਰੂਸ-ਯੂਕਰੇਨ ਜੰਗ ਨੇ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਦੇ ਕੰਢੇ ‘ਤੇ ਪਾ ਦਿੱਤਾ ਹੈ, ਹਰੇਕ ਦੇਸ਼ ਨੇ ਇੱਕ ਪੱਖ ਚੁਣਿਆ ਹੈ। ਹਾਲਾਂਕਿ, ਪੀ.ਐੱਮ. ਮੋਦੀ ਨੇ ਸੰਯੁਕਤ ਰਾਸ਼ਟਰ ਵਿੱਚ ਆਪਣਾ ਭਰੋਸਾ ਰੱਖਿਆ ਅਤੇ ਸ਼ਾਂਤੀ ਦਾ ਪੱਖ ਚੁਣਿਆ। ਉਨ੍ਹਾਂ ਨੇ ਦੋਹਾਂ ਦੇਸ਼ਾਂ ਨੂੰ ‘ਸੰਵਾਦ ਅਤੇ ਕੂਟਨੀਤੀ ਰਾਹੀਂ ਸਮੱਸਿਆ ਹੱਲ ਕਰਨ ਲਈ ਕਿਹਾ। ਸਤੰਬਰ ‘ਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੇ ਮੌਕੇ ‘ਤੇ ਵੀ ਪੀ.ਐੱਮ. ਮੋਦੀ ਨੇ ਦੁਹਰਾਇਆ ਸੀ ਕਿ ‘ਹੁਣ ਜੰਗ ਦਾ ਸਮਾਂ ਨਹੀਂ ਹੈ’। ਉਨ੍ਹਾਂ ਦੇ ਇਸ ਬਿਆਨ ਦਾ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੇ ਸਵਾਗਤ ਕੀਤਾ ਹੈ। ਭਾਰਤ ਦੀ ਰਣਨੀਤੀ ਬਹੁ-ਧਰੁਵੀ ਸੰਸਾਰ ਵਿੱਚ ਸ਼ਕਤੀ ਮੁਕਾਬਲੇ ਤੋਂ ਬਚਣ ਅਤੇ ਆਪਣਾ ਗੈਰ-ਗਠਬੰਧਨ ਮਾਰਗ ਬਣਾਉਣ ਦੀ ਪ੍ਰਤੀਤ ਹੁੰਦੀ ਹੈ। ਅਮਰੀਕਾ ਦੀ ਇਕ ਟਰੈਕਿੰਗ ਫਰਮ ਦੀ ਵੈੱਬਸਾਈਟ ‘ਤੇ ਸ਼ੇਅਰ ਕੀਤੇ ਗਏ ਅੰਕੜਿਆਂ ਮੁਤਾਬਕ 78 ਫੀਸਦੀ ਲੋਕ ਪੀ.ਐੱਮ. ਮੋਦੀ ਨੂੰ ਪਸੰਦ ਕਰਦੇ ਹਨ, ਜਦਕਿ 18 ਫੀਸਦੀ ਲੋਕ ਉਨ੍ਹਾਂ ਨੂੰ ਨਾਪਸੰਦ ਕਰਦੇ ਹਨ। ਪੀ.ਐੱਮ. ਮੋਦੀ ਦੀ ਪ੍ਰਵਾਨਗੀ ਰੇਟਿੰਗ ਹਾਲ ਹੀ ਵਿੱਚ ਹੋਰ ਵਧੀ ਹੈ, ਜਨਵਰੀ ਦੇ ਤੀਜੇ ਹਫ਼ਤੇ ਵਿੱਚ 79 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਹ ਸੂਚੀ ਨਿਯਮਿਤ ਤੌਰ ‘ਤੇ ਅਪਡੇਟ ਕੀਤੀ ਜਾਂਦੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਇਸ ਸਮੇਂ ਸੱਤਵੇਂ ਸਥਾਨ ‘ਤੇ ਹਨ। 22 ਦੇਸ਼ਾਂ ਦੇ ਮੁਖੀਆਂ ਦੀ ਇਸ ਸੂਚੀ ਵਿੱਚ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੋਕ-ਯੂਲ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਆਖਰੀ ਤਿੰਨਾਂ ਵਿੱਚ ਸ਼ਾਮਲ ਹਨ।