ਕੋਰੋਨਾ ਪੰਜਾਬ ਪੁਲਿਸ ਵਲੰਟੀਅਰ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਅੱਜ ਖਰੜ ਹਾਈਵੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕੋਰੋਨਾ ਵਲੰਟੀਅਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵਾਲੰਟੀਅਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੋ ਸਾਲ ਤੋਂ ਬਿਲਕੁਲ ਮੁਫ਼ਤ ਕੰਮ ਕਰਦੇ ਆ ਰਹੇ ਹਨ। ਕੋਰੋਨਾ ਵਲੰਟੀਅਰਜ਼ ਨੇ ਮ੍ਰਿਤਕ ਦੇਹ ਦਾ ਸੰਸਕਾਰ ਵੀ ਸੇਵਾ ਦੇ ਰੂਪ ਵਿਚ ਕੀਤਾ। ਇਸ ਤੋਂ ਇਲਾਵਾ ਇਕ ਮੁਲਾਜ਼ਮ ਵਾਂਗ ਦਿਨ-ਰਾਤ ਡਿਊਟੀ ਉਤੇ ਤਾਇਨਾਤ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਕੋਰੋਨਾ ਸਮੇਂ ਪਾਜ਼ੇਟਿਵ ਪਾਏ ਗਏ ਪਰ ਫਿਰ ਵੀ ਤੰਦਰੁਸਤ ਹੋਣ ਤੋਂ ਬਾਅਦ ਆਪਣੀ ਡਿਊਟੀ ਉਤੇ ਤਾਇਨਾਤ ਹੋਏ। ਇਸ ਲਈ ਕੋਰੋਨਾ ਵਲੰਟੀਅਰ ਦੀ ਮੰਗ ਹੈ ਕਿ ਸਾਰੇ ਵਲੰਟੀਅਰਜ਼ ਨੂੰ ਪੰਜਾਬ ਪੁਲਿਸ ਜਾਂ ਹੋਮਗਾਰਡ ਵਿਚ ਰੈਗੂਲਰ ਕਰਕੇ ਸਿੱਧਾ ਭਰਤੀ ਕੀਤਾ ਜਾਵੇ। ਪਿਛਲੀ ਸਰਕਾਰ ਨੂੰ ਵੀ ਉਨ੍ਹਾਂ ਨੇ ਸਿਫਾਰਸ਼ ਲੈਟਰ ਦਿੱਤੇ ਤੇ ਉਨ੍ਹਾਂ ਦੀ ਮੰਗ ਨੂੰ ਜਾਇਜ਼ ਸਮਝਿਆ ਪਰ ਮੁੱਖ ਮੰਤਰੀ ਨੇ ਉਨ੍ਹਾਂ ਲਾਰਿਆਂ ਵਿਚ ਰੱਖਿਆ। ਇਸ ਤੋਂ ਇਲਾਵਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਮੰਗ ਉੱਠਾਈ ਗਈ ਪਰ ਇਥੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। 20 ਤਾਰੀਕ ਨੂੰ ਸਮੂਹ ਵਲੰਟੀਅਰ ਇਕੱਤਰ ਹੋਏ। ਸੀਐਮ ਦੇ ਓਐਸਡੀ ਸੁਖਬੀਰ ਸਿੰਘ ਨਾਲ ਮੁਲਾਕਾਤ ਹੋਈ। ਜਿਨ੍ਹਾਂ ਨੇ 10 ਦਿਨਾਂ ਦਾ ਸਮਾਂ ਦਿੱਤਾ ਸੀ। ਹੁਣ ਦੋ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਉਸ ਸਬੰਧੀ ਕੋਈ ਵੀ ਜਵਾਬ ਨਹੀਂ ਆਇਆ। ਇਸ ਲਈ ਸਮੂਹ ਵਲੰਟੀਅਰ ਨੇ ਫ਼ੈਸਲਾ ਕੀਤਾ ਕਿ 11 ਵਜੇ ਮੇਨ ਖਰੜ ਹਾਈਵੇ ਪੁਲ ਨੂੰ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐਂਬੂਲੈਂਸ ਤੇ ਐਮਰਜੈਂਸੀ ਵਾਲਿਆਂ ਨੂੰ ਰਾਹ ਛੱਡਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਤੋਂ ਪੁਲਿਸ ਵਲੰਟੀਅਰ ਮੌਜੂਦ ਹੋਣਗੇ।