ਭੂਚਾਲ ਮਗਰੋਂ ਤੁਰਕੀ ‘ਚ ਹੁਣ ਤੱਕ 435 ਝਟਕੇ, ਦਹਿਸ਼ਤ ‘ਚ ਲੋਕ, ਮੌਤਾਂ ਦਾ ਅੰਕੜਾ 8,000 ਤੋਂ ਪਾਰ

ਤੁਰਕੀਏ (ਤੁਰਕੀ) ਅਤੇ ਸੀਰੀਆ ਵਿੱਚ ਸੋਮਵਾਰ 6 ਫਰਵਰੀ ਨੂੰ ਆਏ 7.7 ਤੀਬਰਤਾ ਦੇ ਭੂਚਾਲ ਵਿੱਚ ਹੁਣ ਤੱਕ ਕੁੱਲ 8000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਕਾਰਨ ਭਾਰੀ ਨੁਕਸਾਨ ਹੋਇਆ ਹੈ। ਕਈ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਹਨ। ਤੁਰਕੀ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ 6 ਫਰਵਰੀ ਨੂੰ ਕਹਾਰਮਨਮਾਰਾਸ਼ ਇਲਾਕੇ ਵਿੱਚ 7.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ ਕੁੱਲ 435 ਭੂਚਾਲ ਰਿਕਾਰਡ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭੂਚਾਲ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਲਈ ਹੁਣ ਤੱਕ ਕੁੱਲ 60,217 ਕਰਮਚਾਰੀ ਅਤੇ 4,746 ਵਾਹਨ ਅਤੇ ਨਿਰਮਾਣ ਉਪਕਰਣ ਤਾਇਨਾਤ ਕੀਤੇ ਗਏ ਹਨ। ਭੂਚਾਲ ਕਰਕੇ ਤੁਰਕੀ 10 ਫੁੱਟ ਤੱਕ ਖਿਸ ਗਿਆ ਹੈ। ਇਟਲੀ ਦੇ ਭੂਚਾਲ ਵਿਗਿਆਨੀ ਡਾ. ਕਾਰਲੋ ਡੋਗਲਿਓਨੀ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਸੀਰੀਆ ਦੇ ਮੁਕਾਬਲੇ ਤੁਰਕੀ ਦੀ ਟੈਕਟੋਨਿਕ ਪਲੇਟਸ 5 ਤੋਂ 6 ਮੀਟਰ ਤੱਕ ਖਿਸਕ ਸਕਦੀ ਹੈ। ਸੋਮਵਾਰ ਆਏ ਭੂਚਾਲ ਮਗਰੋਂ ਤੁਰਕੀਏ ਵਿੱਚ ਭਾਰੀ ਬਰਫਬਾਰੀ ਵੀ ਹੋ ਰਹੀ ਹੈ। ਤੁਰਕੀ ‘ਚ ਭੂਚਾਲ ਤੋਂ ਬਾਅਦ ਦੁਨੀਆ ਦੇ ਦੇਸ਼ਾਂ ਨੇ ਵਧਾਇਆ ਮਦਦ ਦਾ ਹੱਥ, ਰਾਹਤ ਅਤੇ ਬਚਾਅ ਕਾਰਜਾਂ ਲਈ ਕੁੱਲ 70 ਦੇਸ਼ਾਂ ਦੀਆਂ ਟੀਮਾਂ ਤੁਰਕੀ ਪਹੁੰਚੀਆਂ ਹਨ। ਪਰ ਤੁਰਕੀ ਦਾ ਖਰਾਬ ਮੌਸਮ ਰਾਹਤ ਅਤੇ ਬਚਾਅ ਲਈ ਰੁਕਾਵਟ ਬਣਿਆ ਹੋਇਆ ਹੈ। ਤੁਰਕੀ ‘ਚ ਭੂਚਾਲ ਤੋਂ ਬਾਅਦ ਭਾਰਤ ਨੇ ਵੀ ਤੁਰਕੀ ਵੱਲ ਮਦਦ ਦਾ ਹੱਥ ਵਧਾਇਆ ਹੈ। ਭਾਰਤ ਨੇ ਰਾਹਤ ਸਮੱਗਰੀ, ਸਾਜ਼ੋ-ਸਾਮਾਨ ਅਤੇ ਫੌਜੀ ਕਰਮਚਾਰੀਆਂ ਨੂੰ ਲੈ ਕੇ ਚਾਰ ਸੀ-17 ਜਹਾਜ਼ ਭੇਜੇ। 108 ਟਨ ਤੋਂ ਵੱਧ ਭਾਰ ਵਾਲੇ ਰਾਹਤ ਪੈਕੇਜ ਤੁਰਕੀ ਨੂੰ ਭੇਜੇ ਗਏ ਹਨ। NDRF ਦੇ ਖੋਜ ਅਤੇ ਬਚਾਅ ਕਾਰਜ ਵਿੱਚ ਮਾਹਿਰ ਦੀਆਂ ਟੀਮਾਂ ਨੂੰ ਭਾਰਤ ਤੋਂ ਤੁਰਕੀ ਭੇਜਿਆ ਗਿਆ ਹੈ। ਉਨ੍ਹਾਂ ਦੇ ਨਾਲ ਸਾਜ਼ੋ-ਸਾਮਾਨ, ਵਾਹਨ ਅਤੇ ਕੁੱਤਿਆਂ ਦੇ ਦਸਤੇ ਅਤੇ 100 ਤੋਂ ਵੱਧ ਫੌਜੀ ਜਵਾਨ ਹਨ। ਇਨ੍ਹਾਂ ਟੀਮਾਂ ਨੂੰ ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਕੱਢਣ ਲਈ ਵਿਸ਼ੇਸ਼ ਉਪਕਰਨ ਭੇਜੇ ਗਏ ਹਨ। ਜੋ ਮਲਬਾ ਬਚਾਓ ਕਾਰਜ (CSSR) ਕਰਨ ਦੇ ਸਮਰੱਥ ਹਨ। ਰਾਹਤ ਸਪਲਾਈ ਵਿੱਚ ਪਾਵਰ ਟੂਲ, ਰੋਸ਼ਨੀ ਉਪਕਰਣ, ਏਅਰ-ਲਿਫਟਿੰਗ ਬੈਗ, ਚੇਨਸੌ, ਐਂਗਲ ਕਟਰ, ਰੋਟਰੀ ਬਚਾਅ ਆਰੇ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਬਚਾਅ ਮਿਸ਼ਨ ਲਈ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਟੀਮ ਵੀ ਭੇਜੀ ਗਈ ਹੈ। ਫੀਲਡ ਆਪਰੇਸ਼ਨ ਵਿੱਚ 30 ਬਿਸਤਰਿਆਂ ਵਾਲੀ ਮੈਡੀਕਲ ਸਹੂਲਤ ਸਥਾਪਤ ਕਰਨ ਲਈ ਉਪਕਰਣ ਅਤੇ 99 ਕਰਮਚਾਰੀ, ਇਸ ਵਿੱਚ ਵੱਖ-ਵੱਖ ਖੇਤਰਾਂ ਦੇ ਮੈਡੀਕਲ ਮਾਹਿਰ ਸ਼ਾਮਲ ਹਨ। ਮੈਡੀਕਲ ਉਪਕਰਨਾਂ ਵਿੱਚ ਐਕਸ-ਰੇ ਮਸ਼ੀਨਾਂ, ਵੈਂਟੀਲੇਟਰ, ਆਪਰੇਸ਼ਨ ਥੀਏਟਰ, ਵਾਹਨ, ਐਂਬੂਲੈਂਸ, ਜਨਰੇਟਰ ਆਦਿ ਸ਼ਾਮਲ ਹਨ। ਤੁਰਕੀ ਦੇ ਨਾਲ-ਨਾਲ ਭੂਚਾਲ ਪੀੜਤ ਸੀਰੀਆ ਨੂੰ ਵੀ C130J ਜਹਾਜ਼ ਰਾਹੀਂ ਰਾਹਤ ਸਮੱਗਰੀ ਭਾਰਤ ਨੇ ਭੇਜੀ ਹੈ। ਇਸ ਵਿੱਚ 6 ਟਨ ਤੋਂ ਵੱਧ ਰਾਹਤ ਸਮੱਗਰੀ ਸ਼ਾਮਲ ਹੈ, ਜਿਸ ਵਿੱਚ 3 ਟਰੱਕ ਆਮ ਅਤੇ ਸੁਰੱਖਿਆਤਮਕ ਗੇਅਰ, ਐਮਰਜੈਂਸੀ ਵਰਤੋਂ ਦੀਆਂ ਦਵਾਈਆਂ, ਸਰਿੰਜਾਂ ਅਤੇ ਈਸੀਜੀ ਮਸ਼ੀਨਾਂ, ਮਾਨੀਟਰ ਅਤੇ ਹੋਰ ਜ਼ਰੂਰੀ ਡਾਕਟਰੀ ਸਪਲਾਈ ਅਤੇ ਉਪਕਰਣ ਸ਼ਾਮਲ ਹਨ।

Leave a Reply

Your email address will not be published. Required fields are marked *